ਚੰਡੀਗੜ੍ਹ: ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ 'ਚ ਆਏ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਬੈਰੀਕੇਟ ਲਗਾ ਰੋਕ ਲਿਆ। ਪੁਲਿਸ ਨੇ ਕਿਸਾਨਾਂ ਨੂੰ ਜਿਸ ਥਾਂ ਉੱਤੇ ਰੋਕਿਆ ਕਿਸਾਨ ਉਥੇ ਹੀ ਧਰਨਾ ਲਗਾਕੇ ਬੈਠ ਗਏ ਹਨ ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ MSP ਦੀ ਕਾਨੂੰਨੀ ਗਾਰੰਟੀ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ 'ਤੇ ਦਬਾਅ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨ ਤੋਂ ਪਹਿਲਾਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਵਾਹਨਾਂ ਦੀ ਆਵਾਜਾਈ ਲਈ ਰੂਟ ਬਦਲ ਦਿੱਤੇ ਗਏ ਹਨ।
ਮੰਗਾਂ ਨਾ ਮੰਨੇ ਜਾਣ ਤਕ ਧਰਨਾ ਰਹੇਗਾ ਜਾਰੀ: ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਉਹ ਇੱਥੇ ਧਰਨੇ 'ਤੇ ਬੈਠੇ ਰਹਿਣਗੇ। ਦੱਸ ਦਈਏ ਕਿ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਰੋਕ ਦਿੱਤਾ ਹੈ। ਵੱਡੀ ਗਿਣਤੀ ਵਿੱਚ ਕਿਸਾਨ ਟਰਾਲੀਆਂ 'ਚ ਖਾਣ-ਪੀਣ ਦਾ ਸਮਾਨ ਰੱਖ ਕੇ ਲਿਆਏ ਹਨ ਤੇ ਕਿਸਾਨ ਨੇ ਸਰਹੱਦ ਉੱਤੇ ਲੰਗਰ ਵੀ ਲਗਾ ਦਿੱਤਾ ਹੈ। ਕਿਸਾਨਾਂ ਨੇ ਧਰਨੇ ਵਿੱਚ ਔਰਤਾਂ ਵੀ ਸ਼ਾਮਲ ਹਨ, ਜਿਹਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਡਟੀਆਂ ਰਹਿਣਗੀਆਂ ਜਦੋਂ ਤਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।
ਧਰਨੇ ਲਈ ਪੂਰੇ ਪ੍ਰਬੰਧ: ਲੁਧਿਆਣਾ, ਫ਼ਿਰੋਜ਼ਪੁਰ, ਸੰਗਰੂਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਤੋਂ ਕਿਸਾਨ ਐਤਵਾਰ ਨੂੰ ਮੁਹਾਲੀ ਦੇ ਫੇਜ਼-11 ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐਸਈਆਰ) ਚੌਕ ਰੋਡ ’ਤੇ ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ ਇਕੱਠੇ ਹੋਏ ਹਨ। ਉਹ ਟਰੈਕਟਰ ਟਰਾਲੀਆਂ, ਕਾਰਾਂ ਅਤੇ ਹੋਰ ਵਾਹਨਾਂ ਵਿੱਚ ਆਏ। ਉਹ ਆਪਣੇ ਨਾਲ ਰਾਸ਼ਨ, ਬਿਸਤਰੇ, ਭਾਂਡੇ, ਰਸੋਈ ਗੈਸ ਸਿਲੰਡਰ ਵਰਗੀਆਂ ਜ਼ਰੂਰੀ ਚੀਜ਼ਾਂ ਵੀ ਲੈ ਕੇ ਆਏ ਹਨ।
ਹਰਿਆਣਾ ਤੋਂ ਵੀ ਆਏ ਕਿਸਾਨ: ਹਰਿਆਣਾ ਤੋਂ ਵੀ ਕਿਸਾਨ ਪੰਚਕੂਲਾ ਵਿੱਚ ਇਕੱਠੇ ਹੋਏ ਹਨ, ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਕਿਸਾਨ 2020-21 ਵਿੱਚ ਕੇਂਦਰ ਦੇ ਅੰਦੋਲਨ ਦੌਰਾਨ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਰਜ ਕੀਤੇ ਗਏ ਕੇਸ ਵਾਪਸ ਲੈਣ, ਉਸ ਸਮੇਂ ਦੌਰਾਨ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ, ਕਰਜ਼ਾ ਮੁਆਫ਼ੀ ਅਤੇ ਪੈਨਸ਼ਨ ਦੀ ਮੰਗ ਕਰ ਰਹੇ ਹਨ।
- Farmer's Protest In Mohali: ਕਿਸਾਨਾਂ ਨੇ ਮੁਹਾਲੀ 'ਚ ਲਾਏ ਡੇਰੇ, ਭਲਕੇ ਕਰਨਗੇ ਚੰਡੀਗੜ੍ਹ ਨੂੰ ਕੂਚ !
- ਕਿਸਾਨ ਅੰਦੋਲਨ: ਹੱਕੀ ਮੰਗਾਂ ਲਈ ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ 'ਤੇ ਇੱਕ ਸਾਲ ਤੋਂ ਵੱਧ ਧਰਨਾ, ਟਿਕੈਤ ਦੇ ਹੰਝੂਆਂ ਨੇ ਅੰਦੋਲਨ 'ਚ ਫੂਕੀ ਸੀ ਜਾਨ
- Guru Nanak Jayanti 2023 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਲੱਗੀ ਰੌਣਕ
ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਸਨ ਕਿਸਾਨ: ਦੱਸ ਦਈਏ ਕਿ ਕੇਂਦਰ ਖਿਲਾਫ ਰੋਸ ਵੱਜੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਰਾਜ ਭਵਨ ਦਾ ਘਿਰਾਓ ਕਰਨ ਲਈ ਜਾ ਰਹੀਆਂ ਸਨ, ਜਿਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਬੈਰੀਕੇਟ ਲਗਾ ਰੋਕ ਲਿਆ ਹੈ। ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਲਈ ਚੰਡੀਗੜ੍ਹ ਸਥਿਤ ਰਾਜ ਭਵਨ ਤੱਕ ਮਾਰਚ ਕਰਨਗੇ।