ਚੰਡੀਗੜ੍ਹ: ਕੌਮੀ ਇਨਸਾਫ ਮੋਰਚਾ ਵੱਲੋਂ ਅੱਜ ਸ਼ਨੀਵਾਰ ਨੂੰ ਮੁੜ ਚੰਡੀਗੜ੍ਹ ਵੱਲ ਕੂਚ ਕੀਤਾ। ਇਸ ਦੌਰਾਨ ਇਨਸਾਫ ਮੋਰਚਾ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਚੰਡੀਗੜ੍ਹ-ਪੰਜਾਬ ਬਾਰਡਰ 'ਤੇ ਬੈਠਣ ਤੋਂ ਬਾਅਦ ਕੌਮੀ ਇਨਸਾਫ਼ ਮੋਰਚੇ ਦੇ 31 ਮੈਂਬਰ ਵਾਈ.ਪੀ.ਐਸ ਚੌਕ ਵੱਲ ਪਰਤ ਗਏ। ਜਿਸ ਤੋਂ ਬਾਅਦ ਕੌਮੀ ਇਨਸਾਫ਼ ਮੋਰਚਾ ਦੇ ਲੋਕਾਂ ਨੇ ਵਾਈ.ਪੀ.ਐੱਸ ਚੌਕ ਵਿੱਚ ਡੇਰਾ ਲਾਇਆ ਹੋਇਆ ਹੈ।
ਹਲਾਂਕਿ ਚੰਡੀਗੜ੍ਹ- ਮੋਹਾਲੀ ਬਾਰਡਰ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੋਰਚਾ ਜਾਰੀ ਹੈ। ਹਾਲਾਂਕਿ ਇਹ ਕਿਆਸ ਲਾਏ ਜਾ ਰਹੇ ਹਨ ਕਿ ਮੋਰਚੇ ਦੇ ਰੋਸ ਨੂੰ ਸ਼ਾਂਤ ਕਰਨ ਲਈ ਅੰਮ੍ਰਿਤਸਰ ਦੀ ਜੇਲ੍ਹ ਵਿਚ ਬੰਦ ਸਿੱਖ ਕੈਦੀ ਗੁਰਦੀਪ ਸਿੰਘ ਖੇੜਾ ਨੂੰ ਅਦਾਲਤ ਵੱਲੋਂ 2 ਮਹੀਨਿਆਂ ਦੀ ਪੈਰੋਲ ਦੇ ਦਿੱਤੀ ਗਈ ਹੈ। ਪਰ ਅੱਜ ਮੁੜ ਮੋਰਚੇ ਵੱਲੋਂ ਚੰਡੀਗੜ੍ਹ ਵੱਲ ਕੂਚ ਕੀਤਾ ਗਿਆ ਸੀ।
ਬੀਤੇ ਦਿਨੀਂ ਮੋਰਚੇ ਨੂੰ ਚੰਡੀਗੜ੍ਹ ਵੱਲ ਜਾਣ ਤੋਂ ਰੋਕਣ ਵਿਚ ਲੱਗੀ ਸੀ ਪੁਲਿਸ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਵਿਚ ਲੱਗੇ ਕੌਮੀ ਇਨਸਾਫ਼ ਮੋਰਚੇ ਵੱਲੋਂ ਮੁੜ ਚੰਡੀਗੜ੍ਹ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ। ਬੀਤੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਚੰਡੀਗੜ੍ਹ ਬਾਰਡਰ 'ਤੇ ਰੋਕ ਲਿਆ ਗਿਆ। ਕੌਮੀ ਇਨਸਾਫ਼ ਮੋਰਚਾ ਦੇ 31 ਮੈਂਬਰ ਆਪਣੀ ਕੋਸ਼ਿਸ਼ ਦੇ ਹਿੱਸੇ ਵਜੋਂ ਮੁੱਖ ਮੰਤਰੀ ਨਿਵਾਸ ਜਾਣਾ ਚਾਹੁੰਦੇ ਸਨ। ਹਾਲਾਂਕਿ ਬੀਤੇ ਦਿਨੀਂ ਹੋਏ ਹੰਗਾਮੇ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਹਨ। ਉਹ ਬੈਰੀਕੇਡ ਅੱਗੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : Bandi Singh Parole: ਜਾਣੋ ਕੌਣ ਹਨ ਗੁਰਦੀਪ ਸਿੰਘ ਖੇੜਾ, ਕਿਹੜੇ ਮੁਕੱਦਮਿਆਂ 'ਚ ਕੱਟ ਰਹੇ ਨੇ ਜੇਲ੍ਹ
ਮੋਰਚੇ ਖ਼ਿਲਾਫ਼ ਮਾਮਲਾ ਹੋਇਆ ਸੀ ਦਰਜ : ਚੰਡੀਗੜ੍ਹ ਬਾਰਡਰ 'ਤੇ ਬੀਤੇ ਦਿਨੀਂ ਕੌਮੀ ਇਨਸਾਫ਼ ਮੋਰਚਾ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੇ ਸਬੰਧ 'ਚ ਚੰਡੀਗੜ੍ਹ ਪੁਲਿਸ ਨੇ 17 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਹੀ 7 ਪ੍ਰਬੰਧਕਾਂ ਸਮੇਤ ਇੱਕ ਅਣਪਛਾਤੇ 'ਤੇ ਐਫ.ਆਈ.ਆਰ ਦਰਜ ਕੀਤੀ ਗਈ ਹੈ। ਐਫ.ਆਈ.ਆਰ ਵਿੱਚ ਲਿਖਿਆ ਗਿਆ ਹੈ ਕਿ 12 ਖਾਲਿਸਤਾਨ ਪੱਖੀ ਜਥੇਬੰਦੀਆਂ ਨੇ ਧਰਨਾ ਦਿੱਤਾ ਤੇ ਪੁਲਿਸ ਨਾਲ ਝੜਪ ਕੀਤੀ। ਡਿਊਟੀ ਮੈਜਿਸਟ੍ਰੇਟ ਦੇ ਹੁਕਮਾਂ 'ਤੇ ਬਲ ਵਰਤ ਕੇ ਗੁਰਚਰਨ ਸਿੰਘ ਧਰਮੀ ਪਿਤਾ, ਬਲਵਿੰਦਰ ਸਿੰਘ, ਅਮਰ ਸਿੰਘ ਚਹਿਲ ਸਮੇਤ ਕੁੱਲ 8 'ਤੇ ਐਫ.ਆਈ.ਆਰ ਦਰਜ ਹੋਈ ਹੈ। ਬੁੱਧਵਾਰ ਨੂੰ ਮੋਰਚੇ ਵੱਲੋਂ ਚੰਡੀਗੜ੍ਹ ਵਿਚ ਦਾਖਲ ਹੋਣ ਲਈ ਪੁਲਿਸ ਨਾਲ ਝੜਪ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਦੇ ਵਾਟਰ ਕੈਨਨ ਉੱਤੇ ਕਬਜ਼ਾ ਕਰ ਲਿਆ ਤੇ ਨਾਲ ਹੀ ਪੁਲਿਸ ਦੀਆਂ ਬੁਲੇਟ ਸ਼ੀਲਡ ਤੇ ਹੈਲਮਟ ਖੋਹ ਲਏ।