ਚੰਡੀਗੜ੍ਹ: ਕਾਂਗਰਸ ਪਾਰਟੀ ਨੇ ਪ੍ਰਨੀਤ ਕੌਰ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਅਤੇ ਪਾਰਟੀ ਵੱਲੋਂ ਦਿੱਤੇ ਨੋਟਿਸ ਦਾ ਜਵਾਬ ਜਿਸ ਤਰੀਕੇ ਨਾਲ ਪ੍ਰਨੀਤ ਕੌਰ ਨੇ ਦਿੱਤਾ ਉਸਨੇ ਕਾਂਗਰਸ ਪਾਰਟੀ ਵਿਚ ਤਰਥੱਲੀ ਮਚਾ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਨੀਤ ਕੌਰ ਦਾ ਦਿੱਤਾ ਜਵਾਬ ਰਾਸ ਨਹੀਂ ਆਇਆ ਅਤੇ ਵੜਿੰਗ ਨੇ ਟਵੀਟ ਕਰਕੇ ਪ੍ਰਨੀਤ ਕੌਰ ਨੂੰ ਕਈ ਕੁਝ ਸੁਣਾ ਦਿੱਤਾ। ਇਸ ਵੇਲੇ ਕਾਂਗਰਸ ਵਿਚ ਸੁਣਨ ਸੁਣਾਉਣ ਦਾ ਪ੍ਰਚਲਨ ਤੇਜ਼ ਹੈ। ਹੁਣ ਸਵਾਲ ਇਹ ਹੈ ਕਿ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚਲੀ ਇਹ ਤਕਰਾਰ ਪੰਜਾਬ ਕਾਂਗਰਸ ਉੱਤੇ ਕੀ ਅਸਰ ਪਾਵੇਗੀ ?
ਪ੍ਰਨੀਤ ਕੌਰ ਦਾ ਕਾਂਗਰਸ ਵਿਚੋਂ ਬਾਹਰ ਹੋਣਾ ਕੋਈ ਖਾਸ ਮਾਇਨੇ ਨਹੀਂ ਰੱਖਦਾ: ਰਾਜਨੀਤਿਕ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਖਾਲਿਦ ਮੁਹੰਮਦ ਕਹਿੰਦੇ ਹਨ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਕਾਂਗਰਸ ਤੋਂ ਬਾਹਰ ਹੋਣਾ ਜਾਂ ਕਾਂਗਰਸ ਅੰਦਰ ਰਹਿਣਾ ਕੋਈ ਮਾਇਨੇ ਨਹੀਂ ਰੱਖਦਾ। ਉਹਨਾਂ ਨੇ ਸਾਰੀ ਜ਼ਿੰਦਗੀ ਕੈਪਟਨ ਅਮਰਿੰਦਰ ਸਿੰਘ ਦੀ ਛਤਰ ਛਾਇਆ ਹੇਠ ਸਿਆਸਤ ਕੀਤੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਜੁਆਇਨ ਕਰ ਲਈ ਤਾਂ ਪ੍ਰਨੀਤ ਕੌਰ ਤੇ ਉਸਦਾ ਅਸਰ ਪੈਣਾ ਵੀ ਜ਼ਾਹਿਰ ਸੀ।
ਪਟਿਆਲਾ ਦੀ ਚੋਣ ਹੋ ਸਕਦੀ ਹੈ ਦਿਲਚਸਪ: ਇਸ ਸਭ ਦੇ ਵਿਚਾਲੇ 2024 ਚੋਣ ਦੰਗਲ ਦੀ ਗੱਲ ਕਰੀਏ ਤਾਂ ਪਟਿਆਲਾ ਦੀ ਚੋਣ ਵੇਖਣ ਵਾਲੀ ਹੋਵੇਗੀ। ਜੇਕਰ ਭਾਜਪਾ ਕੈਪਟਨ ਜਾਂ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਟਿਕਟ ਦਿੰਦੀ ਹੈ ਤਾਂ ਮੁਕਾਬਲਾ ਜ਼ਰੂਰ ਦਿਲਚਸਪ ਹੋ ਸਕਦਾ ਹੈ।ਕਾਂਗਰਸ ਵੀ ਆਪਣਾ ਉਮੀਦਵਾਰ ਇਸ ਸੀਟ ਤੋਂ ਐਲਾਨੇਗੀ।ਇਸ ਸੀਟ ਤੋਂ ਕਾਂਗਰਸ ਵੀ ਜਿੱਤਦੀ ਰਹੀ ਹੈ ਅਤੇ ਅਕਾਲੀ ਦਲ ਵੀ। ਹੁਣ ਵਿਚ ਕੈਪਟਨ ਨੇ ਪਾਰਟੀ ਬਦਲੀ ਹੈ ਅਤੇ ਸਿਆਸੀ ਸਮੀਕਰਨ ਵੀ ਪੂਰੀ ਤਰ੍ਹਾਂ ਬਦਲ ਸਕਦੀ ਹੈ।
2024 ਤੱਕ ਅਜੇ ਬਹੁਤ ਕੁਝ ਬਦਲਣਾ ਹੈ: ਪ੍ਰੋਫੈਸਰ ਖਾਲਿਦ ਕਹਿੰਦੇ ਹਨ ਕਿ ਅਜੇ 2024 ਤੱਕ ਬਹੁਤ ਕੁਝ ਬਦਲਣਾ ਹੈ। ਭਾਜਪਾ ਦੀ ਹਮੇਸ਼ਾ ਤੋਂ ਹੀ ਇਕ ਨੀਤੀ ਰਹੀ ਹੈ ਕਿ ਜੋ ਵਰਕਰ ਕਿਸੇ ਵੀ ਪਾਰਟੀ ਤੋਂ ਥੋੜਾ ਬਹੁਤ ਦੁੱਖੀ ਹੈ ਉਸਨੂੰ ਭਾਜਪਾ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਭਾਜਪਾ ਨੇ ਕਾਂਗਰਸ ਦੇ ਕਈ ਵੱਡੇ ਚਿਹਰਿਆਂ ’ਤੇ ਦਾਅ ਲਗਾਇਆ ਹੋਇਆ ਹੈ। ਇਹਨਾਂ ਵੱਡੇ ਚਿਹਰਿਆਂ ਨੂੰ ਭਾਜਪਾ 2024 ਚੋਣਾਂ ਦੌਰਾਨ ਮੈਦਾਨ ਵਿਚ ਉਤਾਰੇਗੀ। ਜਿਸਦੇ ਰਾਹੀਂ ਅਕਾਲੀ ਦਲ ਅਤੇ ਕਾਂਗਰਸ ਦੇ ਆਧਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਜਿਹੇ ਵਿਚ ਆਮ ਆਦਮੀ ਪਾਰਟੀ ਜੋ ਕਿ ਪੰਜਾਬ ਦੀ ਸੱਤਾ ਧਿਰ ਹੈ ਉਹ ਵੀ ਆਪਣਾ ਦਮ ਲਗਾਉਣ ਲਈ 2024 ਚੋਣ ਮੈਦਾਨ ਵਿਚ ਉਤਰੇਗੀ। ਇਸ ਵਾਰ ਪੰਜਾਬ ਵਿਚ ਲੋਕ ਸਭਾ ਚੋਣਾਂ ਅੰਦਰ ਚੁਕੋਣੀ ਟੱਕਰ ਹੋਵੇਗੀ।
2019 ਲੋਕ ਸਭਾ ਚੋਣਾਂ ਅੰਦਰ ਕਾਂਗਰਸ ਦੀ ਕੀ ਸੀ ਸਥਿਤੀ ?: ਗੱਲ ਕਰੀਏ 2019 ਦੀਆਂ ਲੋਕ ਸਭਾ ਚੋਣਾਂ ਦੀ ਤਾਂ ਪੰਜਾਬ ਅੰਦਰ ਕਾਂਗਰਸ ਪਾਰਟੀ ਸੱਤਾ ਧਿਰ ਸੀ। ਪੰਜਾਬ ਦੇ ਵਿਚ ਲੋਕ ਸਭਾ ਦੀਆਂ ਕੁਲ 13 ਸੀਟਾਂ ਹਨ ਅਤੇ ਕਾਂਗਰਸ ਨੂੰ 8 ਸੀਟਾਂ ਹਾਸਲ ਹੋਈਆਂ ਸਨ।ਕੁੱਲ 65.94 ਪ੍ਰਤੀਸ਼ਤ ਵੋਟਿੰਗ ਹੋਈ ਸੀ ਜਿਹਨਾਂ ਵਿਚ 40.12 ਪ੍ਰਤੀਸ਼ਤ ਵੋਟਾਂ ਕਾਂਗਰਸ ਨੂੰ ਪਈਆਂ ਸਨ। 2014 ਦੇ ਮੁਕਾਬਲੇ ਕਾਂਗਰਸ ਦੇ ਵੋਟ ਪ੍ਰਤੀਸ਼ਤ ਵਿਚ 7.04 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।