ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 4 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਸਿਪਾਹੀਆਂ ਸਤਵਿੰਦਰ ਸਿੰਘ ਅਤੇ ਲਖਵੀਰ ਸਿੰਘ ਦੇ ਇੱਕ-ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਇਨ੍ਹਾਂ ਦੋਵਾਂ ਸਿਪਾਹੀਆਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ 22 ਜੁਲਾਈ, 2020 ਨੂੰ ਸ਼ਹਾਦਤ ਦਿੱਤੀ ਸੀ।
ਮੁੱਖ ਮੰਤਰੀ ਨੇ ਇਨ੍ਹਾਂ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਇਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਇਹ ਦੋਵੇਂ ਸਿਪਾਹੀ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ ਨੇੜੇ 22 ਜੁਲਾਈ ਨੂੰ ਗਸ਼ਤ ਕਰ ਰਹੀ ਟੁਕੜੀ ਦਾ ਹਿੱਸਾ ਸਨ। ਬੇਹਦ ਉਚਾਈ ਉੱਤੇ ਵਗਦੇ ਇੱਕ ਤੇਜ਼ ਰਫ਼ਤਾਰ ਨਾਲੇ ਉੱਤੇ ਬਣੇ ਲੱਕੜਾਂ ਦੇ ਪੁਲ ਨੂੰ ਪਾਰ ਕਰਦੇ ਸਮੇਂ ਇਹ ਦੋਵੇਂ ਹੇਠਾਂ ਡਿੱਗ ਪਏ ਅਤੇ ਇੱਕ ਦੂਜੇ ਨੂੰ ਬਚਾਉਂਦੇ ਹੋਏ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਸਿਪਾਹੀ ਸਤਵਿੰਦਰ ਸਿੰਘ ਦੀ ਮਿ੍ਰਤਕ ਦੇਹ ਦਾ ਪਤਾ ਲਾਉਣ ਲਈ ਤਲਾਸ਼ ਅਜੇ ਜਾਰੀ ਹੈ ਜਦੋਂ ਕਿ ਸਿਪਾਹੀ ਲਖਵੀਰ ਸਿੰਘ ਦੀ ਮਿ੍ਰਤਕ ਦੇਹ ਅੱਜ ਮਿਲ ਗਈ।
ਸਿਪਾਹੀ ਲਖਵੀਰ ਸਿੰਘ ਮੋਗਾ ਜ਼ਿਲੇ ਦੀ ਬਾਘਾ ਪੁਰਾਣਾ ਤਹਿਸੀਲ ਦੇ ਪਿੰਡ ਡੇਮਰੂ ਖੁਰਦ ਦੇ ਨਿਵਾਸੀ ਸਨ ਅਤੇ ਆਪਣੇ ਪਿੱਛੇ ਆਪਣੀ ਪਤਨੀ ਨਮਦੀਪ ਕੌਰ ਛੱਡ ਗਏ ਹਨ। ਸਿਪਾਹੀ ਸਤਵਿੰਦਰ ਸਿੰਘ ਬਰਨਾਲਾ ਜ਼ਿਲੇ ਦੇ ਪਿੰਡ ਕੁਤਨਾ ਦੇ ਰਹਿਣ ਵਾਲੇ ਸਨ ਅਤੇ ਆਪਣੇ ਪਿੱਛੇ ਆਪਣੇ ਮਾਤਾ-ਪਿਤਾ ਛੱਡ ਗਏ ਹਨ।