ਚੰਡੀਗੜ੍ਹ: ਵੱਖ-ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਦੂਜੇ ਸੂਬਿਆਂ ਤੋਂ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਦੇ ਆਉਣ ਦੇ ਮਾਮਲੇ 'ਤੇ ਡੂੰਘੀ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ 'ਤੇ ਇਕਾਂਤਵਾਸ ਵੱਜੋਂ ਐਲਾਨੀਆਂ ਇਮਾਰਤਾਂ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਚਾਹੇ ਕੋਈ ਕੇਸ ਪੌਜ਼ੀਟਿਵ ਹੋਵੇ ਜਾਂ ਨੈਗੇਟਿਵ ਹੋਵੇ, ਸਾਰਿਆਂ ਨੂੰ ਲਾਜ਼ਮੀ ਤੌਰ 'ਤੇ ਇਕਾਂਤਵਾਸ ਸੰਸਥਾਵਾਂ ਵਿੱਚ ਰੱਖਣ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਐਸਐਸਪੀਜ਼ ਪੁਲਿਸ ਕਮਿਸ਼ਨਰਾਂ ਨਾਲ ਚੱਲੀ ਮੈਰਾਥਨ ਵੀਡਿਓ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਹਰ ਤੋਂ ਆਉਣ ਵਾਲੇ ਹਰ ਵਿਅਕਤੀ ਨੂੰ 21 ਦਿਨਾਂ ਦਾ ਇਕਾਂਤਵਾਸ ਸਮਾਂ ਪੂਰਾ ਹੋਣ ਤੋਂ ਬਾਅਦ ਹੀ ਘਰ ਭੇਜਣ ਦੀ ਆਗਿਆ ਦਿੱਤੀ ਜਾਵੇ ਕਿਉਂ ਜੋ ਆਮ ਤੌਰ 'ਤੇ ਮਹਾਂਮਾਰੀ ਦੇ ਲੱਛਣ ਥੋੜੇਂ ਸਮੇਂ ਬਾਅਦ ਸਾਹਮਣੇ ਆਉਂਦੇ ਹਨ। ਮੁੱਖ ਮੰਤਰੀ ਨੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ 'ਤੇ ਚੌਕਸੀ ਵਧਾ ਦੇਣ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਪਿਛਲੇ 4 ਦਿਨਾਂ ਵਿੱਚ ਹੁਣ ਤੱਕ ਨਾਂਦੇੜ ਸਾਹਿਬ (ਮਹਾਰਾਸ਼ਟਰ) ਤੋਂ 3525 ਸ਼ਰਧਾਲੂ, ਕੋਟਾ (ਰਾਜਸਥਾਨ) ਤੋਂ 153 ਵਿਦਿਆਰਥੀ ਆਏ ਹਨ। ਇਸ ਤੋਂ ਇਲਾਵਾ ਫਾਜ਼ਿਲਕਾ-ਰਾਜਸਥਾਨ ਸਰਹੱਦ ਉਤੇ 3085 ਮਜ਼ਦੂਰ ਆਏ ਹਨ। ਨਾਂਦੇੜ ਸਾਹਿਬ ਤੋਂ ਆਉਣ ਵਾਲਿਆਂ ਵਿੱਚੋਂ ਹੁਣ ਤੱਕ 577 ਵਿਅਕਤੀਆਂ ਦੀ ਟੈਸਟ ਰਿਪੋਰਟ ਆ ਗਈ ਹੈ ਜਿਨ੍ਹਾਂ ਵਿੱਚੋਂ 20 ਫ਼ੀਸਦੀ ਪੌਜ਼ੀਟਿਵ ਪਾਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਪਣੇ ਆਪ ਆਉਣ ਵਾਲਿਆਂ ਦੀ ਵੀ ਟਰੈਕਿੰਗ ਅਤੇ ਸਕਰੀਨਿੰਗ ਕੀਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਘਰ ਪਰਤਣ ਵਾਲੇ ਪੰਜਾਬੀਆਂ ਦਾ ਸਵਾਗਤ ਹੈ ਪਰ ਉਨ੍ਹਾਂ ਨੂੰ ਇਕਾਂਤਵਾਸ ਨੂੰ ਸਖ਼ਤੀ ਨਾਲ ਅਮਲ ਵਿੱਚ ਲਿਆਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 2.5 ਲੱਖ ਤੋਂ ਵੱਧ ਸਨਅਤਾਂ ਵਿੱਚੋਂ ਸਿਰਫ਼ 3600 ਦੇ ਲਗਪਗ ਉਦਯੋਗ ਹੀ ਖੁੱਲ੍ਹਣ ਦੇ ਯੋਗ ਹੋਏ ਹਨ। ਮੁੱਖ ਮੰਤਰੀ ਨੇ ਸਹਿਮਤ ਹੁੰਦਿਆਂ ਕਿਹਾ ਕਿ ਸੂਬੇ ਦੀ 95 ਫ਼ੀਸਦੀ ਸਨਅਤ ਲੁਧਿਆਣਾ ਵਿੱਚ ਹੈ ਜਿਸ ਕਰਕੇ ਪੰਜਾਬ ਦੇ ਅਰਥਚਾਰੇ ਨੂੰ ਪੈਰਾਂ-ਸਿਰ ਕਰਨ ਲਈ ਇਨ੍ਹਾਂ ਸਨਅਤਾਂ ਨੂੰ ਚਲਾਉਣਾ ਜ਼ਰੂਰੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੁਚੇਤ ਕਰਦਿਆਂ ਆਖਿਆ ਕਿ ਇਸ ਮਹਾਮਾਰੀ ਦੇ ਫੈਲਾਅ ਦੇ ਆਲਮੀ ਰੁਝਾਨਾਂ ਦੇ ਸੰਦਰਭ ਵਿੱਚ ਆਉਂਦੇ ਦਿਨਾਂ 'ਚ ਇਹ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਖੁਸ਼ਕਿਸਮਤ ਹੈ ਜਿੱਥੇ ਹੁਣ ਤੱਕ ਸਥਿਤੀ ਕਾਬੂ ਹੇਠ ਹੈ।