ਚੰਡੀਗੜ੍ਹ: ਦੇਸ਼ ਭਰ ਤੋਂ ਕਿਸਾਨ ਅੱਜ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਗਏ ਸਨ, ਜਿਹੜੇ ਲੋਕੀਂ ਨਹੀਂ ਜਾ ਪਾਏ ਉਹ ਆਪਣੇ-ਆਪਣੇ ਢੰਗ ਨਾਲ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਅੱਜ ਗਣਤੰਤਰ ਦਿਹਾੜੇ ਮੌਕੇੇ ਚੰਡੀਗੜ੍ਹ ਵਿੱਚ ਜਿੱਥੇ ਲੋਕ ਸ਼ਾਂਤਮਈ ਢੰਗ ਨਾਲ ਹੱਥਾਂ ’ਚ ਤਿਰੰਗਾ ਝੰਡਾ ਫੜ ਪ੍ਰਦਰਸ਼ਨ ਕਰਦੇ ਨਜ਼ਰ ਆਏ।
ਕੁਝ ਗਲਤ ਅਨਸਰ ਸ਼ਾਂਤਮਈ ਟਰੈਕਟਰ ਮਾਰਚ ’ਚ ਹੋ ਗਏ ਸਨ ਸ਼ਾਮਲ
ਚੰਡੀਗੜ੍ਹ ਦੇ ਚੌਕਾਂ ’ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਦੇਸ਼ ਵਾਸੀਆਂ ਲਈ ਬੇਹੱਦ ਖ਼ਾਸ ਹੈ। ਦਿੱਲੀ ’ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਬਾਰੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਬੀਜੇਪੀ ਦੇ ਲੋਕ ਹੀ ਕਰ ਰਹੇ ਨੇ ਕਿਉਂਕਿ ਉਹ ਕਿਸਾਨਾਂ ਦੇ ਅੰਦੋਲਨ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕੁਝ ਗ਼ੈਰ-ਸਮਾਜਿਕ ਤੱਤ ਕਿਸਾਨਾਂ ਦੀ ਪਰੇਡ ਵਿੱਚ ਸ਼ਾਮਲ ਹੋ ਗਏ, ਜਿਸ ਕਾਰਨ ਸ਼ਾਂਤਮਈ ਮਾਰਚ ਹਿੰਸਕ ਰੂਪ ਧਾਰਨ ਕਰ ਗਿਆ।
ਉਥੇ ਇਸ ਮੌਕੇ ਕਿਸਾਨਾਂ ਦੇ ਸਮਰਥਨ ’ਚ ਛੋਟੇ ਬੱਚੇ ਵੀ ਨਜ਼ਰ ਆਏ ਤੇ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਸਿੱਖਿਆ ਸਾਨੂੰ ਦਿੱਤੀ ਹੈ ਉਸ ਉੱਤੇ ਅਮਲ ਕਰਦੇ ਹੋਏ ਕਿਸਾਨ ਸੰਘਰਸ਼ ਕਰ ਰਹੇ ਹਨ। ਹੁਣ ਜਦੋਂ ਤਕ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ ਉਦੋਂ ਤਕ ਕੋਈ ਵੀ ਕਿਸਾਨ ਵਾਪਸ ਨਹੀਂ ਆਵੇਗਾ।