ਚੰਡੀਗੜ੍ਹ: ਬੀਤੇਂ ਦਿਨੀਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਵਾਅਦਿਆਂ ਸਬੰਧੀ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਰੇਤ ਮਾਫ਼ੀਆ, ਸ਼ਰਾਬ ਬੰਦੀ, ਬਿਜਲੀ ਦੇ ਬਿੱਲ ਤੇ ਹੋਰ ਕਈ ਮੁੱਦਿਆਂ ਬਾਰੇ ਲਿਖਤੀ ਤੌਰ 'ਤੇ ਸ਼ਿਕਾਇਤ ਦਿੱਤੀ ਸੀ।
ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਤੋਂ ਬਾਅਦ ਸਿਆਸਤ ਭੱਖ ਗਈ ਹੈ। ਪਰਗਟ ਸਿੰਘ ਵੱਲੋਂ ਲਿਖੀ ਗਈ ਚਿੱਠੀ ਵਿੱਚ ਚੁੱਕੇ ਗਏ ਮੁੱਦਿਆਂ ਦੀ ਕਈ ਵਿਧਾਇਕਾਂ ਨੇ ਅੰਦਰੋਂ ਹੀ ਅੰਦਰ ਹਿਮਾਇਤ ਵੀ ਕੀਤੀ ਸੀ।
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕ ਪਰਗਟ ਸਿੰਘ ਦੀ ਸ਼ਿਕਾਇਤ ਨੂੰ ਗੰਭੀਰ ਰੂਪ ਵਿੱਚ ਲੈਂਦੇ ਹੋਏ ਪਰਗਟ ਸਿੰਘ ਨੂੰ ਆਪਣੇ ਘਰ ਬੁਲਾ ਕੇ ਮੁਲਾਕਾਤ ਕੀਤੀ। ਮੁਲਾਕਾਤ ਤੋਂ ਵਿਧਾਇਕ ਪਰਗਟ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਤੇ ਮੁਲਾਕਾਤ ਵਿੱਚ ਕੀਤੀ ਗਈ ਗੱਲਬਾਤ ਨੂੰ ਸਾਂਝਾ ਕੀਤਾ।
ਉਨ੍ਹਾਂ ਕਿਹਾ ਮੁਲਾਕਾਤ ਵਿੱਚ ਮੁੱਖ ਮੰਤਰੀ ਵੱਲੋਂ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਹੈ, ਤੇ ਜਲਦ ਤੋਂ ਜਲਦ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।
ਲਿਖੀ ਤਾਂ ਮੈ ਪਰਸਨਲ ਚਿੱਠੀ ਸੀ ਪਰ ਉਹ ਮੀਡਿਆ ਵਿੱਚ ਆ ਗਈ: ਪਰਗਟ ਸਿੰਘ
ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਇੱਕ ਪਰਸਨਲ ਚਿੱਠੀ ਲਿੱਖੀ ਗਈ ਸੀ, ਜੋ ਪਤਾ ਨਹੀਂ ਕਿਵੇਂ ਮੀਡੀਆ ਸਾਹਮਣੇ ਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਸ ਚਿੱਠੀ ਦਾ ਜਵਾਬ ਦਿੰਦੇ ਮੈਨੂੰ ਬੁਲਾਇਆ ਤੇ ਮੇਰੀ ਉਨ੍ਹਾਂ ਨਾਲ ਸਕਾਰਾਤਮਕ ਗੱਲਬਾਤ ਹੋਈ।
ਪਰਗਟ ਸਿੰਘ ਵੱਲੋਂ ਚੁੱਕੇ ਗਏ ਮਸਲਿਆ 'ਤੇ ਕੀ ਬੋਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ?
ਉਨ੍ਹਾਂ ਕਿਹਾ, 'ਮੈਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵਿੱਚ ਲਿਖਿਆ ਸੀ ਕਿ 1984 ਵਿੱਚ ਜਦ ਉਹ ਫ਼ੌਜ ਛੱਡ ਕੇ ਆਏ ਸੀ ਤੇ ਫਿਰ ਪੰਜਾਬ ਦੇ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਵਾਅਦਿਆਂ ਤੇ ਕੰਮਾਂ ਨੂੰ ਵੇਖਦੇ ਹੋਏ 2017 ਵਿੱਚ ਪੰਜਾਬ ਦੀ ਜਨਤਾ ਨੇ ਕੈਪਟਨ ਸਾਹਿਬ ਨੂੰ ਮੌਕਾ ਦਿੱਤਾ। ਇਸ ਦੇ ਬਾਵਜੂਦ ਵੀ ਉਹ ਵਾਅਦੇ ਕਿਉਂ ਨਹੀਂ ਪੂਰੇ ਹੋਏ ਜਿਸ ਬਾਬਤ ਮੁੱਖ ਮੰਤਰੀ ਨਾਲ ਹੋਈ ਸਾਰੀ ਗੱਲਬਾਤ ਸਾਕਾਰਾਤਮਕ ਰਹੀ ਹੈ।
ਹੋਰ ਮੰਤਰੀ, ਆਗੂਆਂ ਤੇ ਵਿਧਾਇਕਾਂ ਨੇ ਵੀ ਮੁੱਖ ਮੰਤਰੀ ਨੂੰ ਚਿੱਠੀ ਲਿੱਖੀ ਸੀ, ਪਰ ਮੁੱਖਮੰਤਰੀ ਨੇ ਸਿਰਫ਼ ਪਰਗਟ ਸਿੰਘ ਨਾਲ ਹੀ ਕਿਉਂ ਮੁਲਾਕਾਤ ਕੀਤੀ?
ਪਰਗਟ ਸਿੰਘ ਨੇ ਕਿਹਾ ਕਿ ਸਾਰਿਆਂ ਮੰਤਰੀਆਂ ਆਗੂਆਂ ਤੇ ਵਿਧਾਇਕਾਂ ਦਾ ਮੁੱਖ ਮੰਤਰੀ ਨੂੰ ਪੱਤਰ ਲਿੱਖਣ ਦਾ ਮਕਸਦ ਇੱਕ ਹੀ ਸੀ। ਸਾਰਿਆਂ ਦਾ ਮਕਸਦ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਸਿੱਧੇ ਤਰੀਕੇ ਨਾਲ ਗੱਲ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਦੀ ਜਿਸ ਲਈ ਉਨ੍ਹਾਂ ਨੂੰ ਚਿੱਠੀ ਦਾ ਸਹਾਰਾ ਲੈਣਾ ਪੈਂਦਾ ਹੈ, ਜਿਸ ਦਾ ਨਤੀਜਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਖ਼ੁਦ ਗੱਲਬਾਤ ਕਰਨ ਲਈ ਬੁਲਾਇਆ।
ਅਕਾਲੀ ਦਲ ਕਹਿੰਦਾ ਹੈ ਕਿ ਪਰਗਟ ਸਿੰਘ ਆਪ ਨਹੀਂ ਬੋਲਿਆ ਨਵਜੋਤ ਸਿੰਘ ਸਿੱਧੂ ਨੇ ਬੋਲਵਾਇਆ?
ਇਸ ਸਵਾਲ 'ਤੇ ਪਰਗਟ ਸਿੰਘ ਨੇ ਕਿਹਾ ਕਿ ਉਹ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਜੋ ਮੇਰੇ ਮਨ 'ਚ ਸੀ ਮੈਂ ਉਹ ਹੀ ਕੀਤਾ। ਮੇਰਾ ਮਕਸਦ ਜਨਤਾ ਦੀ ਅਵਾਜ਼ ਮੁੱਖ ਮੰਤਰੀ ਤੱਕ ਪਹੁੰਚਾਉਣਾ ਸੀ। ਮੈਂ ਉਹ ਹੀ ਕੀਤਾ।