ਚੰਡੀਗੜ੍ਹ: ਪੰਜਾਬ ਵਿੱਚ ਚੱਲ ਰਹੀਆਂ ਤਮਾਮ ਸਰਗਰਮੀਆਂ ਵਿਚਕਾਰ ਸਰਕਾਰ ਵੱਲੋਂ ਪੁਲਿਸ ਅਤੇ ਪ੍ਰਸ਼ਾਸਨਿਕ ਅਫਸਰਾਂ ਦੇ ਤਬਾਦਲੇ ਵੱਡੇ ਪੱਧਰ ਉੱਤੇ ਕੀਤੇ ਗਏ ਨੇ। ਦੱਸ ਦਈਏ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਸਵਰਨਦੀਪ ਸਿੰਘ ਐੱਸਐੱਸਪੀ ਜਲੰਧਰ ਦੇਹਾਤ ਨੂੰ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਲਾਇਆ ਗਿਆ ਹੈ ਜਦੋਂ ਕਿ ਮੁਖਬਿੰਦਰ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਨੂੰ ਐੱਸਐੱਸਪੀ ਦੇਹਾਤ ਜਲੰਧਰ ਲਗਾਇਆ ਗਿਆ ਹੈ।
ਪੀਸੀਐੱਸ ਅਫ਼ਸਰਾਂ ਦੀਆਂ ਬਦਲੀਆਂ: ਦੂਜੇ ਪਾਸੇ ਐੱਸਪੀ ਦੇਹਾਤ ਸਰਬਜੀਤ ਸਿੰਘ ਬਾਹੀਆ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਹੁਸ਼ਿਆਰਪੁਰ ਵਿੱਚ ਐੱਸਪੀ ਇਨਵੈਸਟੀਗੇਸ਼ਨ ਲਾਇਆ ਗਿਆ ਹੈ, ਜਦੋਂ ਕਿ ਹੁਸ਼ਿਆਰਪੁਰ ਦੇ ਐੱਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਨੂੰ ਐੱਸਪੀ ਇਨਵੈਸਟੀਗੇਸ਼ਨ ਜਲੰਧਰ ਦੇਹਾਤ ਲਾਇਆ ਗਿਆ ਹੈ। ਆਈਪੀਐੱਸ ਵਤਸਲਾ ਗੁਪਤਾ ਡੀਸੀਪੀ ਹੈੱਡਕੁਆਰਟਰ ਜਲੰਧਰ ਨੂੰ ਅੰਮ੍ਰਿਤਸਰ ਵਿੱਚ ਤਾਇਨਾਤ ਕੀਤਾ ਗਿਆ ਹੈ ਕਿਉਂਕਿ ਇਹ ਅਹੁਦਾ ਅੰਮ੍ਰਿਤਸਰ ਵਿੱਚ ਖਾਲੀ ਸੀ। ਦੱਸ ਦਈਏ ਸੂਬੇ ਅੰਦਰ ਜਿੱਥੇ ਡੀਐੱਸਪੀ ਪੱਧਰ ਦੇ 24 ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਨੇ ਉੱਥੇ ਹੀ ਪੰਜਾਬ ਦੇ 13 ਪੀਸੀਐੱਸ ਅਫ਼ਸਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਨਵੰਬਰ 2022 ਵਿੱਚ ਵੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਡੇ ਪੱਧਰ ਉਤੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਸਨ। ਇਸ ਦੌਰਾਨ ਡੀਐੱਸਪੀ ਰੈਂਕ ਦੇ 64 ਪੁਲਿਸ ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਸਨ। ਇਸ ਦੌਰਾਨ ਪੰਜਾਬ ਪੁਲਿਸ 'ਚ ਵੀ ਵੱਡਾ ਫੇਰਬਦਲ ਹੋਇਆ ਸੀ ਅਤੇ ਪੰਜਾਬ ਸਰਕਾਰ ਵਲੋਂ 64 ਏ.ਐੱਸ.ਪੀ ਅਤੇ ਡੀ.ਐੱਸ.ਪੀਜ਼. ਦੇ ਤਬਾਦਲੇ ਕੀਤੇ ਗਏ ਸਨ।
ਸੂਬੇ ਦੇ ਸਰਗਰਮ ਹਾਲਾਤਾਂ ਵਿੱਚ ਹੋਏ ਤਬਾਦਲਿਆਂ ਉੱਤੇ ਸਭ ਦੀ ਨਜ਼ਰ: ਦੱਸ ਦਈਏ ਹੁਣ ਇਹ ਤਬਾਦਲੇ ਇਸ ਕਰਕੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਦੁਆਬਾ ਸਮੇਤ ਮਾਲਵੇ ਦੇ ਕਈ ਇਲਾਕਿਆਂ ਵਿੱਚ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪੁਲਿਸ ਵੱਲੋਂ ਐਕਸ਼ਨ ਉਲੀਕੇ ਗਏ ਨੇ। ਜਿੱਥੇ ਪੰਜਾਬ ਸਰਕਾਰ ਐਕਸ਼ਨ ਨੂੰ ਲੈਕੇ ਆਪਣੀ ਪਿੱਠ ਥਪਥਪਾ ਰਹੀ ਹੈ ਉੱਥੇ ਹੀ ਆਮ ਲੋਕਾਂ ਵੱਲੋਂ ਇਸ ਐਕਸ਼ਨ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਗਏ ਪੰਥਕ ਇਕੱਠ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਵਾਈ ਅਤੇ ਸਰਕਾਰ ਦੇ ਐਕਸ਼ਨ ਦੀ ਸੂਬੇ ਅੰਦਰ ਖ਼ਿਲਾਫ਼ਤ ਹੋ ਰਹੀ ਹੈ। ਇਸ ਤੋਂ ਬਾਅਦ ਹੁਣ ਮਾਨ ਸਰਕਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਸੂਬੇ ਵਿੱਚ ਸੁਰਖੀਆਂ ਬਣੇ ਹਨ। ਦੱਸ ਦਈਏ ਜ਼ਿਆਦਾਤਰ ਬਦਲੀਆਂ ਦੁਆਬਾ ਅਤੇ ਮਾਝਾ ਇਲਾਕੇ ਨਾਲ ਸਬੰਧਿਤ ਨੇ ਅਤੇ ਪੁਲਿਸ ਵੱਲੋਂ ਇਨ੍ਹਾਂ ਇਲਾਕਿਆਂ ਵਿੱਚ ਹੀ ਜੰਗੀ ਪੱਧਰ ਉੱਤੇ ਅੰਮ੍ਰਿਤਪਾਲ ਖ਼ਿਲਾਫ਼ ਐਕਸ਼ਨ ਉਲੀਕਿਆ ਗਿਆ ਸੀ।
ਇਹ ਵੀ ਪੜ੍ਹੋ: SGPC ਨੇ ਸਿੱਖਾਂ ਨੂੰ ਆਪਣੇ ਬੱਚਿਆਂ ਦੇ ਨਾਮ ਰੱਖਣ ਸਮੇਂ ‘ਸਿੰਘ’ ਤੇ ‘ਕੌਰ’ ਲਗਾਉਣ ਨੂੰ ਯਕੀਨੀ ਬਣਾਉਣ ਦੀ ਕੀਤੀ ਅਪੀਲ