ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਔਰਤਾਂ ਲਈ ਕਈ ਅਹਿਮ ਐਲਾਨ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਆਪਣੇ ਬਜਟ 'ਚ ਮਹਿਲਾਵਾਂ ਨੂੰ ਸੌਗਾਤ ਦਿੰਦਿਆਂ ਔਰਤਾਂ ਲਈ ਸਰਕਾਰੀ ਬੱਸਾਂ 'ਚ ਸਫ਼ਰ ਮੁਫ਼ਤ ਕਰਿ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਆਉਣ ਜਾਣ ਦਾ ਕੋਈ ਵੀ ਕਿਰਾਇਆ ਨਹੀਂ ਲੱਗੇਗਾ।
ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਆਪਣੇ ਬਜਟ 'ਚ ਕੁੜੀਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਆਸ਼ੀਰਵਾਦ ਸਕੀਮ ਦੀ ਰਕਮ ਵੀ ਵਧਾ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਰਕਮ ਨੂੰ ਵਧਾ ਕੇ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰ ਦਿੱਤਾ ਹੈ।
ਇੱਕ ਹੋਰ ਐਲਾਨ 'ਚ ਮਨਪ੍ਰੀਤ ਬਾਦਲ ਦਾ ਕਹਿਣਾ ਕਿ ਮਹਿਲਾਵਾਂ ਲਈ ਸੂਬੇ ਦੇ ਸੱਤ ਜ਼ਿਲ੍ਹਿਆ 'ਚ ਵਰਕਿੰਗ ਵੂਮੈੱਨ ਹੋਸਟਲ ਬਣਾਏ ਜਾਣਗੇ, ਜਿਸ 'ਚ ਉਥੇ ਕੰਮ ਕਰਦੀਆਂ ਮਹਿਲਾਵਾਂ ਰਹਿ ਸਕਦੀਆਂ ਹਨ। ਇਹ ਹੋਸਟਲ ਜਲੰਧਰ, ਪਟਿਆਲਾ, ਲੁਧਿਆਣਾ, ਐਸ.ਏ.ਐਸ ਨਗਰ, ਮਾਨਸਾ, ਬਰਨਾਲਾ ਅਤੇ ਅੰਮ੍ਰਿਤਸਰ 'ਚ ਬਣਾਏ ਜਾਣਗੇ, ਜੋ ਵਰਕਿੰਗ ਵੂਮੈੱਨ ਲਈ ਹੋਣਗੇ। ਇਸ ਮੰਤਵ ਲਈ ਸਰਕਾਰ ਵਲੋਂ ਸਾਲ 2021-22 ਦੇ ਬਜਟ 'ਚ 50 ਕਰੋੜ ਦੀ ਰਾਸ਼ੀ ਮੁਗੱਈਆ ਕਰਵਾਈ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਾਈਬਰ ਕ੍ਰਾਈਮ ਰੋਕਣ ਲਈ ਇੱਕ ਪ੍ਰਯੋਗਸ਼ਾਲਾ ਬਣਾਈ ਜਾਵੇਗੀ, ਜਿਸ ਲਈ 2.54 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਖੜਾ ਕਰਦਿਆਂ ਸ਼ਹਿਰੀ ਸਥਾਨਕ ਇਕਾਈਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ 'ਚ ਔਰਤਾਂ ਨੂੰ 50 ਫੀਸਦੀ ਅਤੇ ਸਰਕਾਰੀ ਨੌਕਰੀਆਂ 'ਚ 33 ਫੀਸਦੀ ਰਾਖਵਾਂਕਰਨ ਵੀ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਬਜ਼ੁਰਗ ਅਤੇ ਵਿਧਵਾ ਪੈਨਸ਼ਨ ਨੂੰ 750 ਤੋਂ ਵਧਾ ਕੇ 1500 ਕਰ ਦਿੱਤਾ ਗਿਆ।