ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ-ਬੀਜੇਪੀ ਸਰਕਾਰ ਵੇਲੇ ਜਿਵੇਂ ਗੁੰਡਾ ਟੈਕਸ ਵਸੂਲਿਆ ਜਾਂਦਾ ਸੀ ਉਵੇਂ ਹੀ ਹੁਣ ਕਾਂਗਰਸ ਸਰਕਾਰ ਵਿੱਚ ਵਪਾਰੀਆਂ ਕੋਲੋਂ ਗੁੰਡਾ ਟੈਕਸ ਉਗਰਾਹਿਆ ਜਾ ਰਿਹਾ ਹੈ।
ਇਸ ਦੇ ਨਾਲ ਹਰਪਾਲ ਸਿੰਘ ਚੀਮਾ ਨੇ ਇਲਜ਼ਾਮ ਲਾਏ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਆਪਣੇ ਗੁੰਡਿਆਂ ਜ਼ਰੀਏ ਇਹ ਵਸੂਲੀ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਕਰੱਸ਼ਿੰਗ ਕਰਨ ਵਾਲੇ ਵਪਾਰੀਆਂ ਕੋਲੋਂ ਉਗਰਾਹੇ ਜਾ ਰਹੇ ਗੁੰਡਾ ਟੈਕਸ ਸਬੰਧੀ ਕਾਂਗਰਸ ਸਰਕਾਰ ਵਾਈਟ ਪੇਪਰ ਜਾਰੀ ਕਰੇ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇਗਾ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਤੇ ਉਸਦੇ ਸਲਾਹਕਾਰ ਸੂਬੇ ਅੰਦਰ ਗੁੰਡਾ ਟੈਕਸ ਜ਼ਰੀਏ ਆਪਣੀਆਂ ਜੇਬਾਂ ਭਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਦੀ ਸ਼ਹਿ ਹੇਠ ਮੋਹਾਲੀ ਵਿੱਚ ਕਰੱਸ਼ਿੰਗ ਤੇ ਮਾਈਨਿੰਗ ਮਾਫੀਆ ਵਧ ਫੁੱਲ ਰਿਹਾ ਹੈ ਅਤੇ ਮੁੱਖ ਮੰਤਰੀ ਦੇ ਨੱਕ ਹੇਠਾਂ ਇਹ ਸਾਰਾ ਗੋਰਖਧੰਦਾ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਕੈਪਟਨ ਨੇ ਆਪਣੇ ਸਲਾਹਕਾਰਾਂ ਨੂੰ ਇਸ ਲਈ ਹੀ ਰੱਖਿਆ ਹੈ ਤਾਂ ਜੋ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਜਾ ਸਕੇ।
ਇਹ ਵੀ ਪੜੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਗੁੰਡਾ ਟੈਕਸ ਤੇ ਨਜਾਇਜ਼ ਮਾਈਨਿੰਗ ਬੰਦ ਹੋ ਜਾਵੇ ਤਾਂ ਪੰਜਾਬ ਵਿੱਚ ਮਾਲੀਆ ਹੋਰ ਵਧੇਗਾ ਅਤੇ ਸੂਬੇ ਦੀ ਆਰਥਿਕਤਾ ਹੋਰ ਵਧੇਗੀ। ਹਰਪਾਲ ਚੀਮਾ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਦੇ ਗੁੰਡਾ ਟੈਕਸ ਵਸੂਲਣ ਵਾਲੇ ਚਿਹਰੇ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਕਰਨਗੇ। ਅਸਲ ਵਿੱਚ ਮੋਹਾਲੀ ਵਿੱਚ ਕਰੱਸ਼ਿੰਗ ਨਾਲ ਸਬੰਧਿਤ ਵਪਾਰੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਪੇਸ਼ ਹੋ ਕੇ ਇਲਜ਼ਾਮ ਲਾਏ ਕਿ ਜ਼ਿਲ੍ਹੇ ਵਿੱਚ 100 ਦੇ ਕਰੀਬ ਕਰੱਸ਼ਰ ਬੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਕੋਲੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ।