ਚੰਡੀਗੜ੍ਹ: ਮੋਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।
29 ਸਾਲ ਪੁਰਾਣੇ ਕੇਸ 'ਚ ਮੋਹਾਲੀ ਦੇ ਮਟੌਰ ਥਾਣੇ 'ਚ 6 ਮਈ ਨੂੰ ਸੁਮੇਧ ਸੈਣੀ ਖ਼ਿਲਾਫ਼ ਐਫਆਈਆਰ ਦਰਜ ਹੋਈ ਸੀ। ਸੈਣੀ ਖਿਲਾਫ ਪਹਿਲਾਂ ਅਗਵਾ, ਸਬੂਤ ਮਿਟਾਉਣ ਤੇ ਹੋਰ ਧਾਰਾਵਾਂ ਲੱਗੀਆਂ ਸਨ ਪਰ ਬਾਅਦ 'ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਸੀ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਕਿਹਾ ਕਿ ਅਦਲਾਤ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਕੰਮ ਥੋੜ੍ਹਾ ਅਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕੇ ਜੇ ਅਗਾਊਂ ਜ਼ਮਾਨਤ ਮਿਲ ਜਾਂਦੀ ਤਾਂ ਕਦੇਂ ਵੀ ਸਹੀ ਚੀਜ਼ਾਂ ਸਾਹਮਣੇ ਨਹੀਂ ਆਉਣੀਆਂ ਸੀ। ਇਸ ਦੇ ਨਾਲ ਹੀ ਵਕੀਲ ਨਰੂਲਾ ਨੇ ਬਲਵੰਤ ਸਿੰਘ ਮੁਲਤਾਨੀ ਦੀ ਕਥਿਤ ਹੱਤਿਆ ਦੀ ਜਾਂਚ ਲਈ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਉੱਥੇ ਹੀ ਉਨ੍ਹਾਂ ਕਿਹਾ ਇਸ ਫੈਸਲੇ ਨਾਲ ਕਾਫੀ ਰਾਹਤ ਮਿਲੀ ਹੈ ਅਤੇ ਉਨ੍ਹਾਂ ਕਿਹਾ ਕਿ ਕੇਸ ਹੱਲ ਹੋਣ 'ਚ ਕਾਫੀ ਉਮੀਦ ਹੈ।
ਦੱਸ ਦੇਈਏ ਕਿ ਹੁਣ ਸੁਮੇਧ ਸੈਣੀ ਕੋਲ ਉੱਚ ਅਦਾਲਤ ਵਿੱਚ ਜਾਣ ਦਾ ਵਿਕਲਪ ਹੈ।