ਚੰਡੀਗੜ੍ਹ: ਪੰਜਾਬ ਸਰਕਾਰ ਪਹਿਲੀ ਵਾਰ ਅੰਤਰਾਸ਼ਟਰੀ ਫਿਲਮ ਫੈਸਟੀਵਲ ਕਰਵਾਉਣ ਜਾ ਰਹੀ ਹੈ। ਇਹ ਦੋ ਰੋਜ਼ਾ ਫਿਲਮ ਫੈਸਟੀਵਲ 16 ਅਤੇ 17 ਮਾਰਚ ਨੂੰ ਆਈਕੇਜੀ ਪੀਟੀਯੂ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ। ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ, ਅਤੇ ਨੋਰਥ ਜੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਜਾਣ ਵਾਲਾ ਇਹ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਪਹਿਲਾਂ ਇਹ ਮੇਲਾ 21 ਫਰਵਰੀ ਨੂੰ ਅੰਤਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਕਰਵਾਏ ਜਾਣ ਦੀ ਤਜਵੀਜ਼ ਸੀ ਪਰ ਤਿਆਰੀਆਂ ਲਈ ਸਮੇਂ ਦੀ ਘਾਟ ਕਾਰਨ ਇਹ ਮਾਰਚ ਵਿੱਚ ਕਰਵਾਇਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਇਹ ਮੇਲਾ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ ਅਤੇ ਨੌਰਥ ਜੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬੀ ਫਿਲਮ ਉਦਯੋਗ ਨਾਲ ਸਬੰਧਤ ਦਸਤਾਵੇਜੀ ਫਿਲਮ ਤਿਆਰ ਕੀਤੀ ਜਾ ਰਹੀ ਹੈ ਜੋ ਇਸ ਮੇਲੇ ਦੌਰਾਨ ਵਿਸ਼ੇਸ਼ ਤੌਰ 'ਤੇ ਵਿਖਾਈ ਜਾਵੇਗੀ, ਇਸ ਦੇ ਨਾਲ ਹੀ ਨਾਮਵਰ ਪੰਜਾਬੀ ਫਿਲਮਾਂ ਵਿਖਾਈਆਂ ਜਾਣਗੀਆਂ।
ਮੇਲੇ ਦੇ ਦੌਰਾਨ ਪੰਜਾਬੀ ਫਿਲਮਾਂ ਦੀਆਂ ਵੱਖ-ਵੱਖ ਕੈਟਾਗਿਰੀਆਂ ਅਨੁਸਾਰ ਇਨਾਮ ਦਿੱਤੇ ਜਾਣਗੇ ਅਤੇ ਕਲਾਕਾਰਾਂ ਨੂੰ ਬੈਸਟ ਐਕਟਰ, ਬੈਸਟ ਐਕਟਰਸ, ਕਾਮੇਡੀ ਕਲਾਕਾਰ, ਸਹਾਇਕ ਕਲਾਕਾਰ ਆਦਿ ਦੀਆਂ ਵੱਖ-ਵੱਖ ਕੈਟਾਗਿਰੀਆਂ ਅਨੁਸਾਰ ਇਨਾਮ ਦਿੱਤੇ ਜਾਣਗੇ।