ਚੰਡੀਗੜ੍ਹ/ਲੁਧਿਆਣਾ/ਸ੍ਰੀ ਮੁਕਤਸਰ ਸਾਹਿਬ: ਪੰਜਾਬ ਭਰ ਵਿੱਚ ਅੱਜ ਮੌਸਮ ਦੇ ਅੰਦਰ ਕਾਫੀ ਤਬਦੀਲੀ ਵੇਖਣ ਨੂੰ ਮਿਲੀ। ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਸਣੇ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਜਿਸ ਨਾਲ ਮੌਸਮ ਵਿੱਚ ਕਾਫੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਅੱਜ ਆਈਐਮਡੀ ਵੱਲੋਂ ਜਾਰੀ ਕੀਤੇ ਗਏ ਬੁਲਟਿਨ ਵਿੱਚ ਪਹਿਲਾ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ 23 ਦਸੰਬਰ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਾਰਿਸ਼ ਪੈ ਸਕਦੀ ਹੈ। ਇਸ ਤੋਂ ਬਾਅਦ 26 ਦਸੰਬਰ ਅਤੇ 27 ਦਸੰਬਰ ਨੂੰ ਵੀ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 25 ਦਸੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਸੰਘਣੀ ਧੁੰਦ ਦਾ ਅਲਰਟ
ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਲਰਟ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ ਅਤੇ ਬਠਿੰਡਾ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਇਹ ਧੁੰਦ ਖੁੱਲੇ ਇਲਾਕਿਆਂ ਵਿੱਚ ਵਧ ਅਸਰਦਾਰ ਰਹੇਗੀ। ਇਸ ਦੇ ਨਾਲ ਹੀ, ਦੁਪਹਿਰ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ ਅਤੇ ਤਾਪਮਾਨ ਆਮ ਦੇ ਨੇੜੇ ਰਹੇਗਾ।
ਮੀਂਹ ਦਾ ਅਲਰਟ
ਅੱਜ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ, 26 ਦਸੰਬਰ ਦੀ ਰਾਤ ਤੋਂ ਪੱਛਮੀ ਡਿਸਟਰਬੈਂਸ ਸਰਗਰਮ ਹੋਣ ਜਾ ਰਹੀ ਹੈ। ਜਿਸ ਤੋਂ ਬਾਅਦ 26 ਦਸੰਬਰ ਨੂੰ ਇੱਕ-ਦੋ ਥਾਵਾਂ 'ਤੇ ਅਤੇ 27 ਦਸੰਬਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਜਾਣੋ, ਆਪਣੇ ਸ਼ਹਿਰ ਦਾ ਤਾਪਮਾਨ -
- ਚੰਡੀਗੜ੍ਹ ਦਾ ਤਾਪਮਾਨ - ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਰਹੇਗਾ। ਦੋ ਦਿਨਾਂ ਤੱਕ ਮੀਂਹ ਦਾ ਅਲਰਟ।
- ਅੰਮ੍ਰਿਤਸਰ ਦਾ ਤਾਪਮਾਨ - ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਰਹੇਗਾ। ਮੀਂਹ ਪਵੇਗਾ।
- ਜਲੰਧਰ ਦਾ ਤਾਪਮਾਨ - ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਰਹੇਗਾ। ਬੱਦਲਵਾਈ ਰਹੇਗੀ, ਮੀਂਹ ਪੈਣ ਦੀ ਭੱਵਿਖਬਾਣੀ ਹੈ।
- ਲੁਧਿਆਣਾ ਦਾ ਤਾਪਮਾਨ - ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਰਹੇਗਾ। ਥੋੜੀ ਦੇਰ ਤੱਕ ਮੀਂਹ ਪੈਣ ਦੇ ਆਸਾਰ।
- ਬਠਿੰਡਾ ਦਾ ਤਾਪਮਾਨ - ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਰਹੇਗਾ। ਮੀਂਹ ਪਵੇਗਾ।
- ਪਟਿਆਲਾ ਦਾ ਤਾਪਮਾਨ - ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਰਹੇਗਾ। ਮੀਂਹ ਪਵੇਗਾ।
ਸ੍ਰੀ ਮੁਕਤਸਰ ਸਾਹਿਬ ਵਿੱਚ ਪਿਆ ਮੀਂਹ, ਸੁੱਕੀ ਠੰਢ ਤੋਂ ਰਾਹਤ
ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ (ਸੋਮਵਾਰ) ਤੜਕਸਾਰ ਬਰਸਾਤ ਤੇ ਤੇਜ਼ ਹਵਾਵਾਂ ਸ਼ੁਰੂ ਹੋ ਗਈਆਂ। ਇਸ ਬਰਸਾਤ ਨਾਲ ਠੰਢ ਬੇਸ਼ਕ ਵਧੇਗੀ, ਪਰ ਲੋਕਾਂ ਨੂੰ ਫਾਇਦਾ ਹੋਵੇਗਾ, ਕਿਉਂਕਿ ਲਗਾਤਾਰ ਸੁੱਕੀ ਠੰਡ ਪੈ ਰਹੀ ਸੀ ਜਿਸ ਨਾਲ ਕਈ ਬਿਮਾਰੀਆਂ ਲੱਗ ਰਹੀਆ ਸੀ, ਜਿਵੇਂ ਖਾਂਸੀ, ਬੁਖਾਰ ਤੇ ਜੁਕਾਮ। ਕਿਸਾਨਾਂ ਲਈ ਵੀ ਇਹ ਮੀਂਹ ਕਾਫੀ ਫਾਇਦੇਮੰਦ ਰਹੇਗਾ, ਕਿਉਂਕਿ ਜਿਆਦਾ ਸੁੱਕੀ ਠੰਡ ਪੈਣ ਨਾਲ ਫਸਲ ਦੀ ਨਮੀ ਖ਼ਤਮ ਹੋ ਜਾਂਦੀ ਹੈ ਅਤੇ ਹੁਣ ਬਰਸਾਤ ਹੋਣ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ।