ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਾਰ ਕਾਰਨ ਜਿੱਥੇ ਸਾਰਾ ਕੰਮ ਕਾਰ ਠੱਪ ਹੋਇਆ ਪਿਆ ਹੈ ਤਾਂ ਓਥੇ ਦੀ ਇਸ ਵਾਇਰਸ ਨੇ ਤਿਓਹਾਰਾਂ ਦੇ ਰੰਗਾਂ ਨੂੰ ਵੀ ਫਿੱਕਾ ਕਰ ਦਿੱਤਾ ਹੈ। ਖਾਲਸਾ ਪੰਥ ਸਾਜਣਾ ਦਿਵਸ ਸਮੂਹ ਸਿੱਖ ਸੰਗਤ ਵਿੱਚ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਪਰ ਇਸ ਵਾਰ ਮਹਾਂਮਾਰੀ ਦੇ ਪ੍ਰਕੋਪ ਕਾਰਨ ਧਾਰਮਿਕ ਸੰਸਥਾਵਾਂ ਅਤੇ ਜਥੇਦਾਰਾਂ ਨੇ ਲੋਕਾਂ ਨੂੰ ਵਿਸਾਖੀ ਆਪਣੇ ਘਰ ਵਿੱਚ ਹੀ ਮਨਾਓਣ ਦੀ ਅਪੀਲ ਕੀਤੀ ਹੈ। ਇਸੇ ਦੇ ਚੱਲਦੇ ਇਸ ਵਾਰ ਵਿਸਾਖੀ 'ਤੇ ਕਿਸਾਨਾਂ ਦੇ ਚਿਹਰੇ ਵੀ ਮੁਰਝਾਏ ਹੋਏ ਹਨ ਕਿਉਂਕਿ ਲੋਕ ਗੁਰਦੁਆਰਾ ਸਾਹਿਬ ਵਿੱਚ ਆਪਣੀ ਕਣਕ ਦਾ ਪਹਿਲਾ ਹਿੱਸਾ ਲੈਕੇ ਨਹੀਂ ਜਾ ਕੇ।
ਚੰਡੀਗੜ੍ਹ ਦੇ ਮਲੋਆ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦੇ ਇਸ ਵਾਰ ਉਨ੍ਹਾਂ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹੀ ਖੇਤਾਂ ਦੇ ਵਿੱਚ ਕੰਮ ਕਰਨ ਦੀ ਖੁੱਲ੍ਹ ਮਿਲੀ ਹੈ। ਇਸ ਤੋਂ ਇਲਾਵਾ ਕਿਸਾਨਾ ਸਾਹਮਣੇ ਸਭ ਤੋਂ ਵੱਡੀ ਦਿੱਕਤ ਕਿਸਾਨਾ ਦੀ ਆ ਰਹੀ ਹੈ ਕਿਉਂਕਿ ਲੌਕ ਡਾਊਨ ਦੇ ਚੱਲਦੇ ਕਿਸਾਨਾਂ ਨੂੰ ਲੇਬਰ ਮੁਹੱਈਆ ਨਹੀਂ ਹੋ ਸਕੀ ਹੈ ਅਤੇ ਉਨ੍ਹਾਂ ਨੂੰ ਖੁਦ ਫਸਲ ਕੱਟਣੀ ਪੈ ਰਹੀ ਹੈ।
ਅਚੰਬੇ ਵਾਲੀ ਗੱਲ ਹੈ ਕਿ ਕੁੱਝ ਕਿਸਾਨਾਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਖੇਤਾਂ ਦੇ ਵਿੱਚ ਕਣਕ ਕਟਾਈ ਕਰ ਰਹੇ ਹਨ ਜਦ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਦਾਦੇ-ਪੜਦਾਦੇ ਹੀ ਆਪ ਵਾਢੀ ਕਰਦੇ ਸੀ। ਪਰ ਕੋਰੋਨਾ ਨੇ ਉਨ੍ਹਾਂ ਨੂੰ ਵੀ ਮਜਬੂਰਨ ਖੇਤਾਂ ਦੇ ਵਿੱਚ ਕੰਮ ਕਰਨ ਲਈ ਲਗਾ ਦਿੱਤਾ ਹੈ।