ਖੰਨਾ: ਖੰਨਾ ਵਿੱਚ ਬੰਬ ਵਰਗੀ ਚੀਜ਼ ਮਿਲਣ ਨਾਲ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦੇ ਨਾਲ ਨਾਲ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ। ਇਹ ਸਮੱਗਰੀ ਮਿਲਟਰੀ ਮੈਦਾਨ ਕੋਲੋਂ ਮਿਲੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਹਾਲਾਂਕਿ ਪੁਲਿਸ ਨੇ ਇਲਾਕਾ ਸੀਲ ਕਰ ਦਿੱਤਾ ਹੈ।
ਇੱਥੋਂ ਹੀ ਲੰਘੀ ਸੀ ਯਾਤਰਾ: ਇਹ ਵੀ ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਖੰਨਾ 'ਚ ਜਿੱਥੋਂ ਇਹ ਬੰਬ ਵਰਗਾ ਵਿਸਫੋਟਕ ਪਦਾਰਥ ਮਿਲਿਆ ਹੈ ਉਥੋਂ ਹੀ 7 ਦਿਨ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਲੰਘੀ ਸੀ। ਉਸ ਵੇਲੇ ਵੀ ਯਾਤਰਾ ਵਿੱਚ ਭਾਰੀ ਇਕੱਠ ਸੀ। ਬੰਬ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੁਰੱਖਿਆ ਦੇ ਮੱਦੇਨਜਰ ਸੀਲ ਕਰ ਦਿੱਤਾ ਹੈ। ਪੁਲਿਸ ਨੇ ਬੰਬ ਨਿਰੋਧਕ ਟੀਮ ਨੂੰ ਬੰਬ ਦੀ ਜਾਂਚ ਲਈ ਸੱਦਿਆ ਹੈ। ਇਸ ਤੋਂ ਇਲਾਵਾ ਫੌਜ ਨੂੰ ਵੀ ਇਸ ਦੇ ਬਾਰੇ ਸੂਚਨਾ ਦਿੱਤੀ ਗਈ ਹੈ। ਫੌਜ ਵੱਲੋਂ ਵੀ ਇਸ ਬੰਬ ਦੀ ਜਾਂਚ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:
ਇਸ ਮਾਮਲੇ ਬਾਰੇ ਲੁਧਿਆਣਾ ਦੇ ਆਈਜੀ ਕੌਸਤੁਭ ਸ਼ਰਮਾ ਨੇ ਵੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਇਹ ਬੰਬ 10-15 ਸਾਲ ਪੁਰਾਣਾ ਲੱਗ ਰਿਹਾ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮਿਲਟਰੀ ਅਥਾਰਟੀ ਨੂੰ ਵੀ ਇਸ ਸਬੰਧੀ ਖਬਰ ਦੇ ਦਿੱਤੀ ਗਈ ਹੈ। ਬੰਬ ਨਿਰੋਧਕ ਦਸਤਾ ਵੀ ਮੌਕੇ 'ਤੇ ਆ ਗਿਆ ਹੈ। ਇਸ ਮਾਮਲੇ ਵਿੱਚ ਆਈਜੀ ਨੇ ਭਰੋਸਾ ਦਿੱਤਾ ਹੈ ਕਿ ਸਥਿਤੀ ਆਮ ਵਾਂਗ ਹੈ, ਲੋਕਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੰਬ ਆਖਿਰ ਇਥੇ ਕੌਣ ਸੁੱਟ ਕੇ ਗਿਆ ਹੈ।