ਚੰਡੀਗੜ੍ਹ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੋਂ ਬਾਅਦ ਹੁਣ ਰਾਮ ਰਹੀਮ ਨੇ ਪੰਜਾਬ ਦੀ ਦੁੱਖਦੀ ਰਗ 'ਤੇ ਹੱਥ ਰੱਖਿਆ ਹੈ। ਚੱਲਦੇ ਸਤਿਸੰਗ ਵਿਚ ਰਾਮ ਰਹੀਮ ਨੇ ਬਿਨ੍ਹਾ ਕਿਸੇ ਧਰਮ ਦਾ ਨਾਂ ਲਏ ਚੁਣੌਤੀ ਦਿੱਤੀ ਕਿ ਤੁਸੀਂ ਲੋਕ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛੁਡਵਾਓ, ਖੁੱਲ੍ਹੇ ਮੈਦਾਨ ਵਿਚ ਆਓ ਮੇਰਾ ਚੈਲੇਂਜ ਹੈ। ਰਾਮ ਰਹੀਮ ਨੇ ਇਹ ਦਾਅਵਾ ਵੀ ਕੀਤਾ ਕਿ ਉਸਨੇ 6 ਕਰੋੜ ਲੋਕਾਂ ਦਾ ਨਸ਼ਾ ਛੁਡਵਾਇਆ ਹੈ। ਇਹੀ ਨਹੀਂ ਰਾਮ ਰਹੀਮ ਨੇ ਨਸ਼ੇ ਦੇ ਦੁਖਾਂਤ ਨੂੰ ਬਿਆਨ ਕਰਦਾ ਇਕ ਗੀਤ ਵੀ ਰਿਲੀਜ਼ ਕੀਤਾ। ਆਪਣੇ ਵਿਰੋਧੀਆਂ ਨੂੰ ਬਿਨ੍ਹਾਂ ਨਾਂ ਲਏ ਰਾਮ ਰਹੀਮ ਨੇ ਇਹ ਚੁਣੌਤੀ ਦਿੱਤੀ ਹੈ, ਜਿਸਨੂੰ ਕਿ ਐਸਜੀਪੀਸੀ ਅਤੇ ਸਿੱਖ ਸੰਗਠਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਰਾਮ ਰਹੀਮ ਦਾ ਇਹ ਬਿਆਨ ਚੰਗਿਆੜੀ ਤੋਂ ਭਾਂਬੜ ਵਾਂਗ ਬਲਿਆ।
ਰਾਮ ਰਹੀਮ ਦੇ ਬਿਆਨ ਦਾ ਅਰਥ ਕੀ: ਆਖਿਰਕਾਰ ਰਾਮ ਰਹੀਮ ਦੀ ਇਸ ਚੁਣੌਤੀ ਦੇ ਮਾਇਨੇ ਕੀ ਹਨ ? ਇਕ ਅਪਰਾਧੀ ਜਿਸਤੇ ਕਤਲ, ਬਲਾਤਕਾਰ ਵਰਗੇ ਕਈ ਸੰਗੀਨ ਅਪਰਾਧਾਂ ਤਹਿਤ ਕੇਸ ਚੱਲ ਰਹੇ ਹੋਣ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੋਵੇ, ਵਾਰ ਵਾਰ ਪੈਰੋਲ 'ਤੇ ਬਾਹਰ ਆ ਕੇ ਆਪਣੀ ਸਲਤਨਤ ਕਾਇਮ ਕਰ ਰਿਹਾ ਹੋਵੇ ਅਤੇ ਸ਼ਰੇਆਮ ਹੁਣ ਧਰਮ ਦੇ ਆਗੂਆਂ ਨੂੰ ਲਲਕਾਰ ਰਿਹਾ ਹੋਵੇ। ਅਜਿਹਾ ਸੰਭਵ ਕਿਵੇਂ ਹੋ ਸਕਦਾ ? ਕੀ ਇਹ ਸਿਆਸੀ ਸ਼ਹਿ ਹੈ ਜਾਂ ਲੋਕਾਂ ਦੀ ਮੂੜ ਮੱਤ ਦਾ ਨਤੀਜਾ ? ਇਕ ਪਾਸੇ ਭਾਜਪਾ ਅਤੇ ਗਵਰਨਰ ਪੰਜਾਬ ਵਿਚ ਨਸ਼ੇ ਦਾ ਮੁੱਦਾ ਉਭਾਰ ਰਹੇ ਹਨ ਦੂਜੇ ਪਾਸੇ ਹੁਣ ਰਾਮ ਰਹੀਮ ਨੇ ਨਵਾਂ ਸੁਰ ਕੱਢਿਆ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਸਿੱਖ ਚਿੰਤਕਾਂ, ਐਸਜੀਪੀਸੀ ਮੈਂਬਰਾਂ ਅਤੇ ਰਾਜਨੇਤਾਵਾਂ ਨਾਲ ਗੱਲ ਕਰਕੇ ਲੱਭਣ ਦੀ ਕੋਸ਼ਿਸ਼ ਕੀਤੀ ਹੈ।
ਪ੍ਰੋਪੇਗੰਡਾ ਕਰ ਰਿਹਾ ਰਾਮ ਰਹੀਮ: ਸਿੱਖ ਮਾਮਲਿਆਂ ਦੇ ਮਾਹਿਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਰਾਮ ਰਹੀਮ ਭਾਜਪਾ ਦਾ ਬੰਦਾ ਹੈ, ਭਾਜਪਾ ਨੇ ਉਸਨੂੰ ਪੈਰੋਲ ਦਿੱਤੀ ਹੈ। ਭਾਜਪਾ ਉਸਨੂੰ ਵਰਤਣਾ ਚਾਹੁੰਦੀ ਹੈ ਇਸੇ ਲਈ ਅਜਿਹੇ ਬਿਆਨ ਸਾਹਮਣੇ ਆ ਰਹੇ।ਉਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ ਜਿਸ ਕਾਰਨ ਨਸ਼ਿਆਂ ਦੇ ਮੁੱਦਾ ਬਣਾ ਰਿਹਾ ਹੈ।ਰਹੀ ਗੱਲ ਉਸ ਵੱਲੋਂ 6 ਕਰੋੜ ਲੋਕਾਂ ਦਾ ਨਸ਼ਾ ਛੁਡਵਾਉਣ ਦੀ ਤਾਂ ਇਹ ਪ੍ਰੋਪੇਗੰਡਾ ਹੈ। ਪੰਜਾਬ, ਹਰਿਆਣਾ ਅਤੇ ਵੈਸਟਰਨ ਯੂਪੀ ਦੀ ਸਾਰੀ ਜਨਸੰਖਿਆ ਮਿਲਾ ਕੇ 6 ਕਰੋੜ ਬਣਦੀ ਹੈ। ਇਸਦਾ ਮਤਲਬ ਤਾਂ ਇਹ ਹੋਇਆ ਸਾਰੇ ਲੋਕ ਨਸ਼ਾ ਹੀ ਕਰ ਰਹੇ ਸਨ। ਇਹ ਆਪਣੇ ਆਪ ਦੇ ਵਿਚ ਗਲਤ ਬਿਆਨਬਾਜ਼ੀ ਹੈ।
ਇਸ ਬਿਆਨ ਦਾ ਕੋਈ ਆਧਾਰ ਨਹੀਂ ਰਾਮ ਰਹੀਮ ਵਧਾ ਚੜ੍ਹਾ ਕੇ ਬਿਆਨ ਪੇਸ਼ ਕਰ ਰਿਹਾ ਹੈ। ਦੂਜੀ ਗੱਲ ਰਹੀ ਧਰਮ ਦੇ ਲੋਕਾਂ ਦਾ ਨਸ਼ਾ ਛੁਡਾਉਣ ਦੀ ਤਾਂ ਧਰਮ ਦਾ ਕੰਮ ਨਸ਼ਾ ਛੁਡਵਾਉਣਾ ਨਹੀਂ ਹੈ ਬਲਕਿ ਧਾਰਮਿਕ ਸਿਧਾਤਾਂ ਅਨੁਸਾਰ ਜੀਵਨ ਜਾਚ ਲੈਣਾ ਹੈ ਅਤੇ ਸਿੱਖ ਰਹਿਤ ਮਰਿਯਾਦਾ ਵਿਚ ਰਹਿਣ ਵਾਲਿਆਂ ਦਾ ਨਸ਼ੇ ਨਾਲ ਕੋਈ ਸਬੰਧ ਨਹੀਂ।ਸਿੱਖ ਧਰਮ ਦਾ ਤਾਂ ਫਲਸਫ਼ਾ ਹੀ ਹੈ ਕਿਰਤ ਕਰੋ, ਨਾਮ ਜਪੋੋ ਅਤੇ ਵੰਡ ਛੱਕੋ। ਸਿੱਖ ਸਿਧਾਤਾਂ ਵਿਚ ਕਿਸੇ ਕਿਸਮ ਦੇ ਮਾਸ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਸਖ਼ਤ ਮਨਾਹੀ ਹੈ।
ਸਾਰੀਆਂ ਗੱਲਾਂ ਛੱਡ ਕੇ ਪਹਿਲਾਂ ਰਾਮ ਰਹੀਮ ਇਸ ਗੱਲ ਦਾ ਜਵਾਬ ਦੇਵੇ ਕਿ ਉਹ ਅਪਰਾਧੀ ਹੈ ਬਲਾਤਕਾਰ ਅਤੇ ਕਤਲਾਂ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ। ਸਜ਼ਾ ਯਾਫਤਾ ਕੈਦੀ ਚਾਰ ਮਹੀਨਿਆਂ 'ਚ 4 ਵਾਰ ਪੈਰੋਲ ਲੈ ਗਿਆ ਪਹਿਲਾਂ ਇਸਦਾ ਕਾਰਨ ਦੱਸੇ।ਜਸਪਾਲ ਸਿੱਧੂ ਕਹਿੰਦੇ ਹਨ ਪੰਜਾਬ ਦੀ ਕੋਈ ਵੀ ਪਾਰਟੀ ਨਸ਼ੇ ਦੀ ਸਮਰਥਕ ਨਹੀਂ ਪਰ ਅੱਜ ਤੱਕ ਕੋਈ ਪਾਰਟੀ ਇਸਤੇ ਕਾਬੂ ਵੀ ਨਹੀਂ ਪਾ ਸਕੀ। ਨਸ਼ਿਆਂ ਨੂੰ ਆਧਾਰ ਬਣਾ ਕੇ ਸਿਆਸਤ ਤਾਂ ਹੋ ਰਹੀ ਹੈ ਪਰ ਕਿਸੇ ਇਹ ਕਾਰਨ ਨਹੀਂ ਵੇਖੇ ਕਿ ਨਸ਼ੇ ਲੱਗੇ ਕਿਉਂ ?
ਛੱਜ ਤਾਂ ਬੋਲੇ ਛਾਣਨੀ ਕੀ ਬੋਲੇ: ਰਾਮ ਰਹੀਮ ਦੀ ਇਸ ਚੁਣੌਤੀ ਤੋਂ ਬਾਅਦ ਐਸਜੀਪੀਸੀ ਵੀ ਖੁੱਲੇ ਮੈਦਾਨ ਵਿਚ ਆਈ ਅਤੇ ਰਾਮ ਰਹੀਮ ਨੂੰ ਲਲਕਾਰਿਆ। ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ। ਪਹਿਲਾਂ ਰਾਮ ਰਹੀਮ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਚੈਲੇਂਜ ਤਾਂ ਕਬੂਲ ਕਰੇ। ਇਕ ਧਾਰਮਿਕ ਆਗੂ ਹੋ ਕੇ ਰਾਮ ਰਹੀਮ ਬਲਾਤਕਾਰ, ਕਤਲ, ਦੰਗੇ ਭੜਕਾਉਣ ਦੇ ਮਾਮਲਿਆਂ ਅਧੀਨ ਜੇਲ੍ਹ ਵਿਚ ਬੰਦ ਹੈ। ਜੋ ਕਿ ਸਮਾਜ ਲਈ ਬਹੁਤ ਵੱਡਾ ਕਲੰਕ ਹੈ। ਇਸ ਲਈ ਪਹਿਲਾਂ ਉਹਨਾਂ ਦੋਸ਼ਾਂ ਦੀ ਚੁਣੌਤੀ ਕਬੂਲ ਕਰੇ। ਗੁਰਚਰਨ ਸਿੰਘ ਗਰੇਵਾਲ ਨੇ ਤਲ਼ਖ਼ੀ ਭਰੇ ਲਹਿਜੇ ਨਾਲ ਕਿਹਾ ਹੈ ਕਿ ਜੇਕਰ ਉਹ ਐਨਾ ਹੀ ਮਹਾਨ ਅਤੇ ਚੈਲੇਝ ਕਰਨ ਵਾਲਾ ਸੀ ਤਾਂ ਮਾੜੇ ਦੋਸ਼ਾਂ ਵਿਚ ਅੰਦਰ ਕਿਉਂ ਹੈ? ਇਸ ਸਾਰਾ ਕੁਝ ਹੋਰ ਕੋਈ ਨਹੀਂ ਸਰਕਾਰਾਂ ਕਰਵਾ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਹਾਉਣ ਵਾਲੀ ਭਾਜਪਾ ਸੌਦਾ ਸਾਧ ਦੀਆਂ ਫੌੜੀਆਂ ਆਸਰੇ ਰਾਜ ਕਰਨਾ ਚਾਹੁੰਦੀ ਹੈ।
ਸਾਡੇ ਧਰਮ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਰਾਮ ਰਹੀਮ ਦੇ ਇਸ ਬਿਆਨ ਤੇ ਇਤਰਾਜ਼ ਜਤਾਇਆ ਹੈ।ਉਹਨਾਂ ਆਖਿਆ ਕਿ ਰਾਮ ਰਹੀਮ ਨੂੰ ਸਾਡੇ ਧਰਮ ਉੱਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ। ਸਾਡੇ ਕੋਲ ਐਸਜੀਪੀਸੀ ਹੈ ਅਕਾਲ ਤਖ਼ਤ ਸਾਹਿਬ ਹੈ। ਇਸ ਸਮਾਜਿਕ ਬੁਰਾਈ ਨੂੰ ਦੂਰ ਕਰਨ ਲਈ ਸਾਰੇ ਮਿਲਕੇ ਕੰਮ ਕਰਾਂਗੇ।ਸਾਨੂੰ ਰਾਮ ਰਹੀਮ ਦੀ ਗਾਈਡੈਂਸ ਦੀ ਕੋਈ ਜ਼ਰੂਰਤ ਨਹੀਂ।
ਭਾਜਪਾ ਆਗੂ ਹਰਜੀਤ ਗਰੇਵਾਲ ਦਾ ਰਾਮ ਰਹੀਮ ਪ੍ਰੇਮ:ਇਹਨਾਂ ਤਮਾਮ ਟਿੱਪਣੀਆਂ ਤੋਂ ਬਾਅਦ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ।ਈਟੀਵੀ ਭਾਰਤ ਨਾਲ ਫੋਨ ਤੇ ਗੱਲਬਾਤ ਕਰਦਿਆਂ ਉਹਨਾਂ ਆਖਿਆ ਹੈ ਕਿ ਐਸਜੀਪੀਸੀ ਅਤੇ ਅਕਾਲੀ ਦਲ ਨੂੰ ਭਾਜਪਾ ਦਾ ਵਹਿਮ ਖਾ ਗਿਆ ਹੈ। ਬਿਨ੍ਹਾਂ ਪ੍ਰਮਾਣ ਤੋਂ ਐਸਜੀਪੀਸੀ ਅਤੇ ਅਕਾਲੀ ਦਲ ਕੁਝ ਵੀ ਬੋਲ ਦਿੰਦਾ ਹੈ। ਇਹਨਾਂ ਨੇ ਤਾਂ ਆਪ ਐਸਜੀਪੀਸੀ ਅਤੇ ਅਕਾਲ ਤਖ਼ਤ ਨਾਲ ਮਿਲਕੇ ਬਾਬੇ ਨੂੰ ਮੁਆਫ਼ੀ ਦਿਵਾਈ ਸੀ।ਉਸ ਸਮੇਂ ਭਾਜਪਾ ਨੇ ਨਹੀਂ ਸੀ ਕਿਹਾ ਕਿ ਰਾਮ ਰਹੀਮ ਨੂੰ ਮੁਆਫ਼ੀ ਦਿਵਾਓ। ਸਾਡਾ ਤਾਂ ਰਾਮ ਰਹੀਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰਾਮ ਰਹੀਮ ਦੇ ਪੂਰੇ ਦੇਸ਼ ਵਿਚ ਅਲੱਗ ਤੋਂ 6 ਕਰੋੜ ਪੈਰੋਕਾਰ ਹਨ। ਡੇਰਾ ਪ੍ਰੇਮੀਆਂ ਨੇ ਨਸ਼ੇ ਛੁਡਾਉਣ ਦਾ ਰਿਕਾਰਡ ਗਿੰਨੀਜ਼ ਬੁੱਕ ਵਿਚ ਵੀ ਦਰਜ ਕਰਵਾਇਆ ਹੈ। ਡੇਰੇ ਦੇ ਕਈ ਅਭਿਆਨ ਚੱਲ ਰਹੇ ਹਨ ਕੀ ਉਹ ਸਾਡੇ ਕਹਿਣ ਤੇ ਅਭਿਆਨ ਚਲਾ ਰਹੇ ਹਨ ? ਬਾਬੇ ਦੇ ਕੰਮਾਂ ਅਤੇ ਡੇਰੇ ਨਾਲ ਭਾਜਪਾ ਦਾ ਕੋਈ ਸਬੰਧ ਨਹੀਂ ਇਸੇ ਲਈ ਭਾਜਪਾ ਦਾ ਨਾਂ ਵਾਰ ਵਾਰ ਨਾ ਲਿਆ ਜਾਵੇ।ਆਮ ਆਦਮੀ ਪਾਰਟੀ ਦੀ ਸਰਕਾਰ, ਅਕਾਲੀ ਦਲ ਅਤੇ ਐਸਜੀਪੀਸੀ ਸਾਰੇ ਮਿਲਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ।
ਰਾਜਨੀਤੀ ਪ੍ਰੇਰਿਤ ਹੈ ਰਾਮ ਰਹੀਮ ਦਾ ਬਿਆਨ!: ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਰੁਪਾਲ ਰਾਮ ਰਹੀਮ ਨੂੰ ਸਿਆਸੀ ਛੱਤਰ ਛਾਇਆ ਹੈ ਅਤੇ ਸਿਆਸੀ ਪ੍ਰਭਾਵ ਵਿਚ ਆ ਕੇ ਉਹ ਅਜਿਹੇ ਬਿਆਨ ਦੇ ਰਿਹਾ ਹੈ। ਨਸ਼ਿਆਂ ਦੇ ਬਿਆਨ ਤੋਂ ਪਹਿਲਾਂ ਰਾਮ ਰਹੀਮ ਇਹ ਸਪਸ਼ਟ ਕਰੇ ਕਿ ਉਹ ਨਸ਼ਾ ਕਿਸਨੂੰ ਕਹਿੰਦਾ ਹੈ? ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਅੰਮ੍ਰਿਤਰਧਾਰੀ ਸਿੱਖ ਅਤੇ ਐਸਜੀਪੀਸੀ ਦੇ ਨੁਮਾਇੰਦੇ ਹਨ ਉਹ ਕੋਈ ਵੀ ਨਸ਼ਾ ਨਹੀਂ ਕਰਦੇ ਇਥੋਂ ਤੱਕ ਕਿ ਸ਼ਰਾਬ ਵੀ ਨਹੀਂ ਪੀਂਦੇ। ਇਹ ਕੋਈ ਚੁਣੌਤੀ ਦੇਣ ਵਾਲੀ ਗੱਲ ਨਹੀਂ ਹੈ ਕਿਉਂਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ।
ਦੂਜੀ ਗੱਲ ਇਹ ਕਹਿਣਾ ਕਿ ਮੇਰਾ ਵਿਰੋਧ ਬਾਅਦ ਵਿਚ ਕਰ ਲੈਣਾ ਪਹਿਲਾਂ ਨਸ਼ਾ ਛੁਡਾਊ, ਇਸ ਬਿਆਨ ਦਾ ਵੀ ਕੋਈ ਆਧਾਰ ਨਹੀਂ ਜੇ ਡਾਕੂ ਨੂੰ ਡਾਕੂ, ਅਪਰਾਧੀ ਨੂੰ ਅਪਰਾਧੀ ਅਤੇ ਬਲਾਤਕਾਰੀ ਨੂੰ ਬਲਾਤਕਾਰੀ ਨਹੀਂ ਕਹਾਂਗੇ ਤਾਂ ਫਿਰ ਹੋਰ ਕੀ ਕਹਾਂਗੇ ? ਜੇਕਰ ਉਹ 6 ਕਰੋੜ ਪੈਰੋਕਾਰ ਨੇ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਰਿਆਂ ਨੇ ਨਸ਼ਾ ਛੱਡ ਦਿੱਤਾ? ਬਿਨ੍ਹਾਂ ਤੱਥਾਂ ਅਤੇ ਅੰਕੜਿਆਂ ਦੇ ਆਧਾਰ ਤੇ ਇਹ ਗੱਲ ਨਹੀਂ ਆਖੀ ਜਾ ਸਕਦੀ। ਪ੍ਰੀਤਮ ਸਿੰਘ ਰੁਪਾਲ ਨੇ ਦਾਅਵਾ ਕੀਤਾ ਕਿ ਉਹ ਡੇਰੇ ਦੇ ਕਈ ਅਜਿਹੇ ਸ਼ਰਧਾਲੂਆਂ ਨੂੰ ਜਾਣਦੇ ਹਨ ਜੋ ਮਾਸ ਨਹੀਂ ਖਾਂਦੇ ਪਰ ਸ਼ਰਾਬ ਪੀਂਦੇ ਹਨ। ਇਹ ਪੰਜਾਬ ਨੂੰ ਅਤੇ ਧਰਮ ਨੂੰ ਬਦਨਾਮ ਕਰਨ ਦੀਆਂ ਚਾਲਾਂ ਨੇ ਹੋਰ ਕੁਝ ਨਹੀਂ।
ਨਸ਼ਾ ਇਕੱਲਾ ਪੰਜਾਬ ਵਿਚ ਹੀ ਨਹੀਂ ਸਭ ਪਾਸੇ ਹੈ: ਪ੍ਰੀਤਮ ਸਿੰਘ ਰੁਪਾਲ ਕਹਿੰਦੇ ਹਨ ਕਿ ਪੰਜਾਬ ਵਿਚ ਨਸ਼ੇ ਦੀ ਅਲਾਮਤ ਦਾ ਬਿਆਨ ਆਉਣਾ ਇਕ ਵੱਡਾ ਰਾਜਨੀਤਿਕ ਹਮਲਾ ਹੈ ਅਜਿਹਾ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ।ਸੱਚ ਤਾਂ ਇਹ ਹੈ ਕਿ ਪੰਜਾਬ ਨਾਲੋਂ ਜ਼ਿਆਦਾ ਸ਼ਰਾਬ ਮਹਾਂਰਾਸ਼ਟਰ ਵਿਚ ਪੀਤੀ ਜਾ ਰਹੀ ਹੈ। ਨਸ਼ੇ ਇਕੱਲੇ ਪੰਜਾਬ ਵੀ ਹੀ ਨਹੀਂ ਸਾਰੇ ਕਿਤੇ ਹੀ ਹਨ।ਕਿਉਂਕਿ ਕਈ ਸੂਬਿਆਂ ਵਿਚ ਸ਼ਰਾਬ ਵਰਗੇ ਨਸ਼ੇ ਨੂੰ ਬੁਰਾਈ ਨਹੀਂ ਮੰਨਿਆ ਜਾਂਦਾ। ਉਥੇ ਬਾਰਾਂ ਵਿਚ ਸ਼ਰੇਆਮ ਨਸ਼ਾ ਚੱਲਦਾ ਜਿਥੇ ਲੜਕੀਆਂ ਅਤੇ ਲੜਕੇ ਦੋਵੇਂ ਸ਼ਰੇਆਮ ਨਸ਼ਾ ਕਰਦੇ ਹਨ।ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਇਹ ਸਬੂਤ ਦੇਣ ਕਿ ਪੰਜਾਬ ਦੇ ਸਕੂਲਾਂ ਤੱਕ ਨਸ਼ਾ ਪਹੁੰਚਣ ਵਾਲਾ ਬਿਆਨ ਉਹਨਾਂ ਨੇ ਕਿਸ ਆਧਾਰ 'ਤੇ ਦਿੱਤਾ।
ਕਹਿਣ ਨੂੰ ਜੋ ਮਰਜੀ ਕਹਿ ਲਵੋ ਬੱਸ ਮੂੰਹ ਹੀ ਹਿਲਾਉਣਾ ਹੁੰਦਾ ਹੈ। ਬੱਸ ਗੱਲ ਤਾਂ ਰਿਪੋਰਟਾਂ ਦੀ ਹੈ ਕਿੰਨੀਆਂ ਰਿਪੋਰਟਾਂ ਦਰਜ ਹੋਈਆਂ ਹਨ, ਕਿੰਨੇ ਅੰਕੜੇ ਸਾਹਮਣੇ ਆਏ ਜੋ ਇਹ ਦਰਸਾਉਂਦੇ ਹਨ ਕਿ ਸਕੂਲਾਂ ਵਿਚ ਨਸ਼ਾ ਹੈ।ਸਵਾਲ ਇਹ ਵੀ ਹੈ ਕਿ ਜੇਕਰ ਸਾਰਾ ਪੰਜਾਬ ਨਸ਼ਾ ਕਰਦਾ ਹੈ ਤਾਂ ਐਨਾ ਕਣਕ ਝੋਨਾ ਕਿਵੇਂ ਉੱਘਾ ਸਕਦੇ ਹਨ।ਕਿਸਾਨ ਅੰਦੋਲਨ ਕੀ ਨਸ਼ੇੜੀਆਂ ਨੇ ਸਫ਼ਲ ਬਣਾਇਆ ਸੀ ? ਉਹਨਾਂ ਆਖਿਆ ਕਿ ਰਾਮ ਰਹੀਮ ਇਕ ਹਾਰਡ ਕੋਰ ਅਪਰਾਧੀ ਹੈ। ਉਸਨੂੰ ਪੈਰੋਲ ਦੇਣਾ, ਆਨਲਾਈਨ ਸਤਿਸੰਗ ਦੀ ਇਜਾਜ਼ਤ ਦੇਣ ਪਿੱਛੇ ਤਾਂ ਵੱਡਾ ਰਾਜਨੀਤਿਕ ਰਸੂਖ ਹੈ। ਰਾਮ ਰਹੀਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਤੇ ਸਰਕਾਰ ਉਸਨੂੰ ਰਾਹਤ ਦੇ ਰਹੀ ਹੈ।ਉਹ ਅਜਿਹੇ ਬਿਆਨ ਆਪ ਨਹੀਂ ਦੇ ਰਿਹਾ ਬਲਕਿ ਉਸਤੋਂ ਦਿਵਾਏ ਜਾ ਰਹੇ ਹਨ।