ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਵਿੱਚ ਹੋਈ ਟ੍ਰਾਈਸਿਟੀ ਕੰਪਰੀਹੈਂਸਿਵ ਮੋਬਿਲਿਟੀ ਪਲਾਨ ਦੀ ਮੀਟਿੰਗ ਤੋਂ ਬਾਅਦ ਹੁਣ ਚੰਡੀਗੜ੍ਹ ਦਾ ਪ੍ਰਸਤਾਵਿਤ ਮੈਟਰੋ ਨਕਸ਼ਾ ਜਾਰੀ ਕਰ ਦਿੱਤਾ ਗਿਆ ਹੈ। ਨਕਸ਼ੇ ਦੇ ਮੁਤਾਬਿਕ ਇਸ ਵਿੱਚ ਪੰਚਕੂਲਾ, ਮੋਹਾਲੀ, ਜ਼ੀਰਕਪੁਰ, ਚੰਡੀਗੜ੍ਹ ਅਤੇ ਖਰੜ ਦੇ ਹਿੱਸੇ ਸ਼ਾਮਿਲ ਹਨ ਜੋ 505 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਨਗੇ ਅਤੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਲਗਭਗ 10570 ਕਰੋੜ ਰੁਪਏ ਖਰਚ ਹੋਣਗੇ। ਦੱਸ ਦਈਏ ਇਸ ਅਹਿਮ ਮੀਟਿੰਗ ਅੰਦਰ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਹਾਜ਼ਿਰ ਸਨ ਉੱਥੇ ਹੀ ਪੰਜਾਬ ਵੱਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਸੀਐੱਮ ਮਾਨ ਲੈਣਗੇ ਆਖ਼ਰੀ ਫੈਸਲਾ: ਮੀਟਿੰਗ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਮੁਹਾਲੀ ਦੇ ਸਬੰਧ ਵਿੱਚ ਸਮੁੱਚਾ ਟਰਾਂਸਪੋਰਟ ਸੁਧਾਰ ਪ੍ਰਸਤਾਵ ਕ੍ਰਮ ਵਿੱਚ ਹੈ ਅਤੇ ਸੁਝਾਵਾਂ ਨੂੰ ਅੰਤਿਮ ਰਿਪੋਰਟ ਵਿੱਚ ਸ਼ਾਮਲ ਕਰਨ ਲਈ ਇੱਕ ਹਫ਼ਤੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇਗਾ। ਅਨਮੋਲ ਗਗਨ ਮਾਮ ਨੇ ਪਹਿਲੇ ਪੜਾਅ ਵਿੱਚ ਹੀ ਏਅਰਪੋਰਟ ਚੌਕ ਮੁਹਾਲੀ ਤੋਂ ਐਮਆਰਪੀਟੀਐਸ ਨੂੰ ਏਅਰਪੋਰਟ ਨਾਲ ਜੋੜਨ ਦੀ ਸਲਾਹ ਦਿੱਤੀ ਹੈ। ਅਨਮੋਲ ਗਗਨ ਮਾਨ ਨੇ ਇਹ ਵੀ ਕਿਹਾ ਕਿ ਮੁਹਾਲੀ ਅਤੇ ਇਸ ਦੇ ਆਸ-ਪਾਸ ਮੈਟਰੋ ਦਾ ਰੂਟ ਬਣੇਗਾ ਜਾਂ ਨਹੀਂ, ਇਸ ਬਾਰੇ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਅੰਤਿਮ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
ਖੱਟਰ ਨੇ ਦਿੱਤੇ ਸੁਝਾਅ: ਦੂਜੇ ਪਾਸੇ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਨੂੰ ਕੇਂਦਰੀ ਮਾਰਗ ਨਾਲ ਜੋੜਨ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲੇ ਪੜਾਅ ਵਿੱਚ ਹਰਿਆਣਾ ਸਕੱਤਰੇਤ, ਵਿਧਾਨ ਸਭਾ, ਹਾਈ ਕੋਰਟ, ਪੀਜੀਆਈ ਅਤੇ ਪੰਜਾਬ ਯੂਨੀਵਰਸਿਟੀ ਨੂੰ ਮੈਟਰੋ ਨਾਲ ਜੋੜਨ ਦਾ ਸੁਝਾਅ ਦਿੱਤਾ ਹੈ। ਖੱਟਰ ਨੇ ਪਿੰਜੌਰ ਤੋਂ ਕਾਲਕਾ ਅਤੇ ਜ਼ੀਰਕਪੁਰ ਤੋਂ ਪਿੰਜੌਰ ਕਾਲਕਾ ਤੱਕ ਟਰੈਫਿਕ ਵਿਵਸਥਾ ਨੂੰ ਵੀ ਮਜ਼ਬੂਤ ਕਰਨ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਦੇ ਪ੍ਰਮੁੱਖ ਸਕੱਤਰ ਨੇ ਸੁਝਾਅ ਦਿੱਤਾ ਹੈ ਕਿ ਪੰਚਕੂਲਾ ਅਤੇ ਮੋਹਾਲੀ ਏਅਰਪੋਰਟ ਦੇ ਵਿਚਕਾਰ ਟਰੈਫਿਕ ਵਿਵਸਥਾ ਨੂੰ ਜਲਦੀ ਮਜ਼ਬੂਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਵੱਧ ਰਹੀ ਟ੍ਰੈਫਿਕ ਦੀ ਸਮੱਸਿਆ: ਦੱਸ ਦਈਏ ਇਹ ਮੀਟਿੰਗ ਚੰਡੀਗੜ੍ਹ ਵਿੱਚ ਲਗਾਤਾਰ ਵੱਧ ਰਹੇ ਟਰੈਫਿਕ ਦੇ ਦਬਾਅ ਦੇ ਮੱਦੇਨਜ਼ਰ ਕੀਤੀ ਗਈ ਸੀ। ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੋਵਾਂ ਦੀ ਰਾਜਧਾਨੀ ਹੈ ਅਤੇ ਨਾਲ ਲੱਗਦੇ ਸ਼ਹਿਰਾਂ ਪੰਚਕੂਲਾ ਅਤੇ ਮੋਹਾਲੀ ਤੋਂ ਵੀ ਚੰਡੀਗੜ੍ਹ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਇਸੇ ਲਈ ਇਸ ਮੀਟਿੰਗ ਵਿੱਚ ਇਨ੍ਹਾਂ ਦੋਵਾਂ ਰਾਜਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਗਿਆ ਸੀ। ਇਸ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ ਗਏ। ਸਮੇਂ ਅਤੇ ਸਥਿਤੀ ਅਨੁਸਾਰ ਟ੍ਰਾਈਸਿਟੀ ਵਿੱਚ ਮੈਟਰੋ ਸੇਵਾ ਸ਼ੁਰੂ ਕਰਨ ਬਾਰੇ ਇਸ ਮੀਟਿੰਗ ਵਿੱਚ ਵਿਸ਼ੇਸ਼ ਚਰਚਾ ਹੋਈ ਹੈ।
ਇਹ ਵੀ ਪੜ੍ਹੋ : Ram Rahim Update : ਹਾਈਕੋਰਟ ਪਹੁੰਚੀ ਰਾਮ ਰਹੀਮ 'ਤੇ ਜਲੰਧਰ 'ਚ ਦਰਜ ਹੋਈ FIR, ਪੜ੍ਹੋ ਹੁਣ ਬਾਬੇ ਨੇ ਕੀਤੀ ਕਿਹੜੀ ਮੰਗ