ਚੰਡੀਗੜ੍ਹ: ਯੂ.ਟੀ ਪੁਲਿਸ ਦੇ ਇੱਕ ਪੁਲਿਸ ਮੁਲਾਜ਼ਮ ਨੇ ਪਹਿਲਾਂ ਬਾਈਕ ਸਵਾਰ ਦੋ ਨੌਜਵਾਨਾਂ ਦਾ ਸਰਕਾਰੀ ਜਿਪਸੀ ਨਾਲ ਇੱਕ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੱਕ ਪਿੱਛਾ ਕੀਤਾ, ਫਿਰ ਨੌਜਵਾਨਾਂ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਘਟਨਾ ਮੁਹਾਲੀ ਦੇ ਸੈਕਟਰ -78 ਦੀ ਹੈ। ਪੀੜਤ ਦਿਲਪ੍ਰੀਤ ਸਿੰਘ ਨੇ ਸੋਹਾਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਪੁਲਿਸ ਇਸ ਨੂੰ ਲਾਲ ਬੱਤੀ ਜੰਪ ਕਰਨ ਦਾ ਮਾਮਲਾ ਦੱਸ ਰਹੀ ਹੈ।
ਪੁਲਿਸ ਅਨੁਸਾਰ ਬਾਈਕ ਸਵਾਰ ਦਿਲਪ੍ਰੀਤ ਸਿੰਘ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਸਵਾਰ ਸੀ। ਦਿਲਪ੍ਰੀਤ ਅਨੁਸਾਰ ਜਦੋਂ ਉਸਨੇ ਆਪਣੀ ਬਾਈਕ ਨੂੰ ਲਾਈਟਾਂ ਦੇ ਸੱਜੇ ਪਾਸੇ ਮੋੜਿਆ ਤਾਂ ਉਥੋਂ ਸਿੱਧੇ ਆ ਰਹੇ ਪੁਲਿਸ ਮੁਲਾਜ਼ਮ ਦੀ ਜਿਪਸੀ ਨਾਲ ਉਨ੍ਹਾਂ ਦਾ ਟਕਰਾਅ ਹੁੰਦੇ ਬੱਚਿਆ। ਇਸ ਤੋਂ ਬਾਅਦ ਜਦੋਂ ਉਹ ਬਾਈਕ 'ਤੇ ਅੱਗੇ ਵਧਿਆ ਤਾਂ ਪੁਲਿਸ ਮੁਲਾਜ਼ਮ ਨੇ ਜਿਪਸੀ ਨਾਲ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਨਾਲ ਹੀ ਉਸਨੇ ਜਿਪਸੀ ਦਾ ਹੂਟਰ ਵਜਾਉਣਾ ਵੀ ਸ਼ੁਰੂ ਕਰ ਦਿੱਤਾ।
ਕਰੀਬ ਡੇਢ ਕਿਲੋਮੀਟਰ ਤੱਕ ਪੁਲਿਸ ਮੁਲਾਜ਼ਮ ਉਹਨਾਂ ਦਾ ਪਿੱਛਾ ਕਰਦਾ ਰਿਹਾ। ਇਸ ਦੌਰਾਨ, ਉਸਨੇ ਚਾਰ ਵਾਰ ਜਿਪਸੀ ਤੋਂ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕਿਆ। ਉਸਨੇ 5 ਵੀਂ ਵਾਰ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਬਾਈਕ ਫੁੱਟਪਾਥ 'ਤੇ ਚੜ੍ਹ ਗਈ। ਉਸਦੇ ਚਿਹਰੇ ਅਤੇ ਗੋਡੇ 'ਤੇ ਗੰਭੀਰ ਸੱਟ ਲੱਗੀ ਹੈ। ਪੀੜਤ ਲੜਕੇ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਗਲਤ ਤਰੀਕੇ ਨਾਲ ਕਾਰ ਚਲਾ ਰਿਹਾ ਸੀ। ਇਸ ਹਾਦਸੇ ‘ਚ ਉਸਦੀ ਜਾਨ ਵੀ ਜਾ ਸਕਦੀ ਸੀ।
ਸੋਹਾਣਾ ਥਾਣੇ ਦੇ ਐਸ.ਐਚ.ਓ ਨੇ ਦੱਸਿਆ ਕਿ ਇਹ ਸ਼ਿਕਾਇਤ 23 ਫਰਵਰੀ ਨੂੰ ਆਈ ਸੀ। ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਾਈਕ ਸਵਾਰ ਨੌਜਵਾਨਾਂ ਨੇ ਲਾਲ ਬੱਤੀ ਜੰਪ ਕੀਤੀ ਸੀ। ਜਦੋਂ ਜਿਪਸੀ ਸਵਾਰ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਸਮਝਾਉੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਸ਼ਲੀਲ ਇਸ਼ਾਰੇ ਕਰਕੇ ਫ਼ਰਾਰ ਹੋ ਗਿਆ। ਬਾਈਕ ਸਵਾਰ ਮੁੰਡਿਆਂ ਦੀਆਂ ਡਾਕਟਰੀ ਰਿਪੋਰਟਾਂ ਅਜੇ ਤੱਕ ਨਹੀਂ ਆਈਆਂ ਹਨ, ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਣੇ ਮੁੱਖ ਮੰਤਰੀ ਕੈਪਟਨ ਦੇ ਪ੍ਰਿੰਸੀਪਲ ਐਡਵਾਈਜ਼ਰ