ਚੰਡੀਗੜ੍ਹ: ਬੀਤੇ ਦਿਨ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਦੌਰਾਨ ਇੱਕ ਦਮ ਮਾਹੌਲ ਖ਼ਰਾਬ ਹੋ ਗਿਆ ਅਤੇ ਪ੍ਰਦਰਸ਼ਨਕਾਰੀਆਂ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਝੜਪ ਵੇਖਣ ਨੂੰ ਮਿਲੀ, ਪਰ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਪੁਲਿਸ ’ਤੇ ਲਾਠੀਆਂ, ਤਲਵਾਰਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਹੈ। ਇਸ ਹਿੰਸਾ ਵਿੱਚ ਸ਼ਾਮਲ ਕਈ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਜੇਕਰ ਕਿਸੇ ਕੋਲ ਇੰਨ੍ਹਾਂ ਹਮਲਾਵਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਹਨ ਤਾਂ ਉਹ ਚੰਡੀਗੜ੍ਹ ਪੁਲਿਸ ਨੂੰ ਮੁਹੱਈਆ ਕਰਵਾਉਣ।
ਐਕਸ਼ਨ ਦੀ ਤਿਆਰੀ: ਉੱਧਰ ਪੁਲਿਸ ਨੇ ਇਸ ਮਾਮਲੇ ਵਿੱਚ ਸੈਕਟਰ 36 ਥਾਣੇ ਵਿੱਚ ਅਪਰਾਧਿਕ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਹੁਣ ਦਹਿਸ਼ਤ ਅਤੇ ਹਿੰਸਾ ਫੈਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਵਿੱਚ ਹੈ। ਜਿਸ ਸਬੰਧੀ ਪੁਲਿਸ ਨੇ ਮੀਡੀਆ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਹਿੰਸਾ ਦੀ ਕੋਈ ਵੀਡੀਓ ਫੁਟੇਜ ਜਾਂ ਕੋਈ ਹੋਰ ਸਬੂਤ ਹੈ ਤਾਂ ਉਹ ਚੰਡੀਗੜ੍ਹ ਪੁਲਿਸ ਨੂੰ ਦੇਣ। ਜੋ ਵੀ ਇਹ ਜਾਣਕਾਰੀ ਦੇਣਾ ਚਾਹੁੰਦਾ ਹੈ ਉਹ ਥਾਣਿਆਂ ਵਿੱਚ ਦੇ ਸਕਦਾ ਹੈ, ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਇਸ ਲਈ ਇੱਕ ਮੇਲ ਆਈਡੀ ਵੀ ਜਾਰੀ ਕੀਤੀ ਹੈ। ਇਸ ਆਈਡੀ firno.63@gmail.com ਵਿੱਚ ਲੋਕ ਵੀ ਗਵਾਹੀ ਦੇ ਸਕਦੇ ਹਨ, ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ ਜੋ ਇਸ ਤਰ੍ਹਾਂ ਹੈ 9776564001 ਇਸ 'ਤੇ ਵੀ ਸਬੂਤ ਦਿੱਤਾ ਜਾ ਸਕਦਾ ਹੈ। ਚੰਡੀਗੜ੍ਹ ਪੁਲਿਸ ਨੇ ਕਿਹਾ ਹੈ ਕਿ ਜੋ ਵੀ ਇਹ ਜਾਣਕਾਰੀ ਦੇਵੇਗਾ ਉਸ ਦਾ ਨਾਂਅ ਗੁਪਤ ਰੱਖਿਆ ਜਾਵੇਗਾ।
ਕੌਮੀ ਇਨਸਾਫ਼ ਮੋਰਚਾ: ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਅਤੇ ਮੋਹਾਲੀ ਦੀ ਸਰਹੱਦ 'ਤੇ ਪੁਲਿਸ ਅਤੇ ਕੌਮੀ ਇਨਸਾਫ਼ ਮੋਰਚਾ ਵਿਚਾਲੇ ਹਿੰਸਕ ਝੜਪ ਹੋਈ ਸੀ। ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਨੂੰ ਲੈ ਕੇ ਹੰਗਾਮਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲਾਠੀਆਂ ਦੀ ਵਰਤੋਂ ਕੀਤੀ ਅਤੇ ਤਲਵਾਰਾਂ ਵੀ ਚਲਾਈਆਂ। ਪ੍ਰਦਰਸ਼ਨਕਾਰੀ ਪੁਲਿਸ 'ਤੇ ਗੋਲੀਆਂ ਚਲਾਉਂਦੇ ਅਤੇ ਤਲਵਾਰਾਂ ਲਹਿਰਾਉਂਦੇ ਦੇਖੇ ਗਏ।
ਹੋਈਆਂ ਗ੍ਰਿਫ਼ਤਾਰੀਆਂ: ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਹਮਲੇ ਵਿੱਚ ਚੰਡੀਗੜ੍ਹ ਪੁਲੀਸ ਦੇ 20 ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਸ ਵਿੱਚ ਸੱਤ ਮਹਿਲਾ ਪੁਲਿਸ ਮੁਲਾਜ਼ਮ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਦੀਆਂ ਕਈ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ 'ਚ ਕਰੀਬ 7 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।