ਚੰਡੀਗੜ੍ਹ: ਲੰਘੇ ਕੱਲ੍ਹ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਮਨਾਹੀ ਦੇ ਬਾਵਜੂਦ ਵੀ ਲੋਕਾਂ ਨੇ ਪਟਾਕੇ ਚਲਾਏ ਜਿਨ੍ਹਾਂ ਨੇ ਪ੍ਰਦੂਸ਼ਣ ਵਧਾ ਦਿੱਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਪੰਜਾਬ ਦੇ 2 ਸ਼ਹਿਰ ਪਟਿਆਲਾ ਅਤੇ ਲੁਧਿਆਣਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਵਿੱਚ ਆਏ ਹਨ।
ਦਰਅਸਲ ਬੋਰਡ ਨੇ 103 ਸ਼ਹਿਰਾਂ ਵਿੱਚ ਪ੍ਰਦੂਸ਼ਣ ਦੇ ਆਂਕੜੇ ਜਾਰੀ ਕੀਤੇ ਹਨ ਜਿਸ ਵਿੱਚ ਪੰਜਾਬ ਦੇ 9 ਸ਼ਹਿਰ ਸ਼ਾਮਲ ਹਨ। ਇਸ ਵਿੱਚ ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਖੰਨਾ, ਰੂਪਨਗਰ, ਲੁਧਿਆਣਾ, ਪਟਿਆਲਾ, ਮੰਡੀ ਗੋਬਿੰਦਗੜ੍ਹ ਆਦਿ ਸ਼ਾਮਲ ਹਨ।
ਇਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ, ਬਠਿੰਡਾ, ਜਲੰਧਰ, ਖੰਨਾ ਅਤੇ ਰੂਪਨਗਰ ਵਿੱਚ ਪ੍ਰਦੂਸ਼ਣ ਦੀ ਸਥਿਤੀ ਕੁੱਝ ਹੱਦ ਤੱਕ ਖ਼ਰਾਬ ਹੈ।
ਲੁਧਿਆਣਾ, ਮੰਡੀ ਗੋਬਿੰਦਗੜ੍ਹ ਅਤੇ ਚੰਡੀਗੜ੍ਹ ਵਿੱਚ ਸਥਿਤੀ ਮਾੜੀ ਹੈ ਪਰ ਪਟਿਆਲਾ ਵਿੱਚ ਸਥਿਤੀ ਬਹੁਤ ਜ਼ਿਆਦਾ ਖ਼ਰਾਬ ਹੈ।