ਚੰਡੀਗੜ੍ਹ : ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਸਰਬਜੀਤ ਸਿੰਘ ਕਲਸੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਕਲਸੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਸਮੇਂ ਅੰਮ੍ਰਿਤਪਾਲ, ਕਲਸੀ ਤੇ ਹੋਰ ਸਾਥੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਹਨ।
ਟਿੱਪਣੀ ਕਰਦਿਆਂ ਹਾਈ ਕੋਰਟ ਨੇ ਕਿਹਾ- ਭਾਰਤ ਦਾ ਸੰਵਿਧਾਨ ਹਰ ਕਿਸੇ ਨੂੰ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ, ਪਰ ਇਹ ਅੰਤਿਮ ਅਧਿਕਾਰ ਨਹੀਂ ਹੈ। ਤੁਹਾਡੀ ਆਜ਼ਾਦੀ ਦੂਜਿਆਂ ਦੀ ਆਜ਼ਾਦੀ ਦੀ ਉਲੰਘਣਾ ਨਹੀਂ ਕਰ ਸਕਦੀ। ਇਸ ਲਈ ਫਿਲਹਾਲ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਕਲਸੀ ਅੰਮ੍ਰਿਤਪਾਲ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।
ਕਲਸੀ ਦੀ ਪਟੀਸ਼ਨ: ਐਨਐਸਏ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਭੇਜੇ ਗਏ ਕਲਸੀ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਉਸ ਦਾ ਨਾਮ ਅਜਨਾਲਾ ਥਾਣੇ ’ਤੇ ਹਮਲੇ ਦੇ ਸਬੰਧ ਵਿੱਚ ਦਰਜ ਐਫਆਈਆਰ ਦੇ ਕਾਲਮ 2 ਵਿੱਚ ਹੈ ਅਤੇ ਪੁਲਿਸ ਨੇ ਅਜੇ ਤੱਕ ਉਸ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਨਹੀਂ ਕੀਤਾ ਹੈ ਅਤੇ ਉਹ ਹਾਲੇ ਤੱਕ ਜੇਲ੍ਹ ਵਿੱਚ ਹੈ। ਇਸ ਨਾਲ ਸਬੰਧਤ ਵਿਅਕਤੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਇਸ ਲਈ ਅਜਨਾਲਾ ਥਾਣੇ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਨੂੰ ਆਸਾਮ ਜਾ ਕੇ ਆਨਲਾਈਨ ਜਾਂਚ ਕਰਨੀ ਚਾਹੀਦੀ ਹੈ।
ਹਾਈਕੋਰਟ ਦਾ ਜਵਾਬ: ਇਸ 'ਤੇ ਹਾਈਕੋਰਟ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਐੱਨਐੱਸਏ ਲਗਾਉਣ ਅਤੇ ਉਸ ਨੂੰ ਪੰਜਾਬ ਤੋਂ ਅਸਾਮ ਭੇਜਣ ਪਿੱਛੇ ਕਈ ਕਾਰਨ ਹਨ ਅਤੇ ਮੌਜੂਦਾ ਸਮੇਂ 'ਚ ਕਲਸੀ ਅਤੇ ਹੋਰਾਂ ਦੀਆਂ ਪਟੀਸ਼ਨਾਂ ਹਾਈਕੋਰਟ 'ਚ ਪੈਂਡਿੰਗ ਹਨ। ਇਸ ਲਈ ਇਸ ਮਾਮਲੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਹਾਈ ਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਲਸੀ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ 21 ਨਵੰਬਰ ਨੂੰ ਇੱਕ ਪਟੀਸ਼ਨ ਖਾਰਜ ਕਰ ਦਿੱਤੀ ਸੀ।
36 ਦਿਨ ਫ਼ਰਾਰ ਰਹਿਣ ਤੋਂ ਬਾਅਦ ਹੋਈ ਸੀ ਗ੍ਰਿਫਤਾਰੀ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ 36 ਦਿਨਾਂ ਦੇ ਫ਼ਰਾਰ ਰਹਿਣ ਤੋਂ ਬਾਅਦ 23 ਅਪ੍ਰੈਲ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਨ੍ਹਾਂ 36 ਦਿਨਾਂ ਦੌਰਾਨ ਅੰਮ੍ਰਿਤਪਾਲ ਸਿੰਘ ਕਦੇ ਨੇਪਾਲ ਬਾਰਡਰ, ਕਦੇ ਉੱਤਰਾਖੰਡ ਤੇ ਕਦੇ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਨਜ਼ਰ ਆਇਆ ਸੀ। ਉਸ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਕਈ ਲੋਕਾਂ ਨੂੰ ਵੀ ਪੁਲਿਸ ਨੇ ਫੜਿਆ ਸੀ। 23 ਅਪ੍ਰੈਲ ਨੂੰ ਪੰਜਾਬ ਪੁਲਿਸ ਉਸ ਨੂੰ ਬਠਿੰਡਾ ਦੇ ਏਅਰਫੋਰਸ ਸਟੇਸ਼ਨ ਲੈ ਗਈ ਅਤੇ ਉਥੋਂ ਉਸ ਨੂੰ ਆਸਾਮ ਲਿਜਾਇਆ ਗਿਆ। ਉਦੋਂ ਤੋਂ ਅੰਮ੍ਰਿਤਪਾਲ ਸਿੰਘ 9 ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।
ਭੁੱਖ ਹੜਤਾਲ 'ਤੇ ਬੈਠਾ ਸੀ ਅੰਮ੍ਰਿਤਪਾਲ ਸਿੰਘ: ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਹੀ ਅੰਮ੍ਰਿਤਪਾਲ ਸਿੰਘ ਭੁੱਖ ਹੜਤਾਲ 'ਤੇ ਬੈਠਾ ਸੀ। ਉਸ ਦੇ ਨਾਲ ਉਸ ਦੇ ਹੋਰ ਸਾਥੀਆਂ ਨੇ ਵੀ ਖਾਣਾ-ਪਾਣੀ ਛੱਡ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ। ਜਿਸ ਤੋਂ ਬਾਅਦ ਅੰਮ੍ਰਿਤਪਾਲ ਦੀ ਮਾਤਾ ਬਲਵਿੰਦਰ ਕੌਰ ਨੇ ਮੰਗ ਕੀਤੀ ਸੀ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇ, ਪਰ ਅਜਿਹਾ ਨਹੀਂ ਹੋ ਸਕਿਆ।