ਚੰਡੀਗੜ੍ਹ : ਨੌਜਵਾਨਾਂ ਦੇ ਜੀਵਨ ਨੂੰ ਰੁਸ਼ਨਾਉਣ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 583 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪ ਕੇ ਦੀਵਾਲੀ ਦਾ ਤੋਹਫਾ ਦਿੱਤਾ। ਦੱਸਣਯੋਗ ਹੈ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਣ ਤੱਕ ਕੁੱਲ 37683 ਨੌਕਰੀਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਤਾਲਮੇਲ ਨਾਲ ਕੰਮ ਕਰਨਾ ਜਰੂਰੀ : ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਪੁਨਰ ਉਥਾਨ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿੱਚ ਇਨ੍ਹਾਂ ਨੌਜਵਾਨਾਂ ਦਾ ਨਾਂ ਸੁਨਹਿਰੀ ਸ਼ਬਦਾਂ 'ਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਹੁਣ ‘ਟੀਮ ਪੰਜਾਬ’ ਦਾ ਹਿੱਸਾ ਹਨ ਅਤੇ ਸੂਬੇ ਦੀ ਭਲਾਈ ਲਈ ਕੰਮ ਕਰਨਾ ਹਰੇਕ ਨੌਜਵਾਨ ਦੀ ਜ਼ਿੰਮੇਵਾਰੀ ਬਣਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਾਲਮੇਲ ਨਾਲ ਕੰਮ ਕਰਨਾ (team Work) ਬਹੁਤ ਜ਼ਰੂਰੀ ਹੈ, ਜਿਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਨੇ ਕ੍ਰਿਕਟ ਖੇਡ ਸ਼ੁਰੂ ਕੀਤੀ ਸੀ, ਉਹ ਅੱਜ ਇੱਕ ਨਵੀਂ ਟੀਮ ਤੋਂ ਹਾਰ ਗਏ ਹਨ ਕਿਉਂਕਿ ਉਸ ਨਵੀਂ ਟੀਮ ਨੇ ਟੀਮ ਵਰਕ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਨੌਜਵਾਨਾਂ ਨੂੰ 37683 ਨੌਕਰੀਆਂ ਦਿੱਤੀਆਂ : ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਸੂਬੇ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਪਹਿਲਾਂ ਇੱਕ 'ਦੂਰ ਦੇ ਸੁਪਨਾ' ਵਾਂਗ ਸਨ ਜਦਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲਣ ਨੂੰ ਯਕੀਨੀ ਬਣਾਇਆ ਹੈ ਜਿਸ ਲਈ ਪਾਰਦਰਸ਼ੀ ਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਜਨਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰਨ ਸਬੰਧੀ ਵਚਨਬੱਧਤਾ ਅਤੇ ਜਜ਼ਬੇ ਦੀ ਘਾਟ ਸੀ, ਜਿਸ ਕਾਰਨ ਇਹ ਨੌਕਰੀਆਂ ਨੌਜਵਾਨਾਂ ਲਈ ਲਈ ਦੂਰ ਦੀ ਗੱਲ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਯੋਗਤਾ ਦੇ ਆਧਾਰ 'ਤੇ ਨੌਜਵਾਨਾਂ ਨੂੰ 37683 ਨੌਕਰੀਆਂ ਦਿੱਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਵੱਲੋਂ ਐਲ.ਪੀ.ਜੀ. ਸਿਲੰਡਰ ਦੀ ਕੀਮਤ 200 ਰੁਪਏ ਘਟਾਉਣ ਸਬੰਧੀ ਹਾਲ ਹੀ ਵਿੱਚ ਲਏ ਫੈਸਲੇ 'ਤੇ ਤੰਜ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐਲਪੀਜੀ ਦੀ ਕੀਮਤ 1100 ਰੁਪਏ ਤੱਕ ਵਧਾਉਣ ਤੋਂ ਬਾਅਦ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ਆਮ ਆਦਮੀ ਦੇ ਜ਼ਖਮਾਂ ਉੱਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਅਜਿਹੀਆਂ ਕੋਝੀਆਂ ਚਾਲਾਂ ਨਾਲ ਆਮ ਆਦਮੀ ਨੂੰ ਮੂਰਖ ਬਣਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਲੋਕ ਹੁਣ ਇਨ੍ਹਾਂ ਘਟੀਆਂ ਚਾਲਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸੂਬੇ ਵਿੱਚ 57,796 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ 2.98 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਐਲਾਨ ਕਰਦਿਆਂ ਬਹੁਤ ਮਾਣ ਅਤੇ ਤਸੱਲੀ ਮਹਿਸੂਸ ਕਰ ਰਹੇ ਹਨ ਕਿ ਸੂਬਾ ਸਰਕਾਰ ਨੇ ਕੱਚੇ ਮੁਲਾਜ਼ਮਾਂ ਅੱਗਿਓਂ ਠੇਕਾ ਸ਼ਬਦ ਹਟਾ ਕੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਅੜਚਣਾਂ ਨੂੰ ਪਾਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੇਵਾਵਾਂ ਦੇ ਰੈਗੂਲਰ ਹੋਣ ਨਾਲ ਇਨ੍ਹਾਂ ਅਧਿਆਪਕਾਂ ਨੂੰ ਛੁੱਟੀਆਂ ਸਮੇਤ ਹੋਰ ਲਾਭਾਂ ਦੇ ਨਾਲ-ਨਾਲ ਤਨਖਾਹਾਂ ਵਿੱਚ ਹਰ ਸਾਲ 5 ਫੀਸਦ ਸਾਲਾਨਾ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਰੈਗੂਲਰ ਕੀਤੀਆਂ ਜਾਣਗੀਆਂ, ਜਿਸ ਦੀ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ।
ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲੱਕੀ ਡਰਾਅ ਰਾਹੀਂ ਗੁਰੂਗ੍ਰਾਮ ਵਿਖੇ ਪਲਾਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਉਸ ਦਾ ਪਰਿਵਾਰ ਇੰਨੇ ਖੁਸ਼ਕਿਸਮਤ ਕਿਉਂ ਹਨ ਕਿ ਉਨ੍ਹਾਂ ਕੋਲ ਅਜਿਹੇ ਕੀਮਤੀ ਪਲਾਟ ਹਰਿਆਣਾ ਵਿੱਚ ਵੀ ਹਨ ਜਦਕਿ ਪੰਜਾਬ ਦੇ ਆਮ ਲੋਕਾਂ ਨੂੰ ਕਦੇ ਵੀ ਅਜਿਹੇ ਪਲਾਟ ਡਰਾਅ ਵਿੱਚ ਨਹੀਂ ਮਿਲੇ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਲਾਟ ਅਤੇ ਹੋਰ ਰਿਆਇਤਾਂ ਸੁਖਬੀਰ ਅਤੇ ਉਸਦੇ ਪਰਿਵਾਰ ਨੂੰ ਸੂਬੇ ਨਾਲ ਗੱਦਾਰੀ ਕਰਨ ਦਾ ਇਨਾਮ ਸਨ।
- ਪੰਜਾਬ ਦੇ ਕਈ ਹਿੱਸਿਆਂ 'ਚ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼, ਬਦਲਿਆ ਮੌਸਮ, ਲੋਕਾਂ ਨੂੰ ਪਰਾਲੀ ਦੇ ਧੂੰਏ ਅਤੇ ਪ੍ਰਦੂਸ਼ਣ ਤੋਂ ਮਿਲੇਗੀ ਰਾਹਤ
- Cash and goods stolen: ਖਡੂਰ ਸਾਹਿਬ ਦੇ ਮੇਨ ਬਜ਼ਾਰ 'ਚ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਨਕਦੀ ਅਤੇ ਕੀਮਤੀ ਸਮਾਨ ਕੀਤਾ ਚੋਰੀ
- Canada To India Via Road: 19 ਹਜ਼ਾਰ ਕਿ.ਮੀ. ਸਫ਼ਰ ਤੈਅ ਕਰਕੇ ਕੈਨੇਡਾ ਤੋਂ ਭਾਰਤ ਸਰਹੱਦ ਪਹੁੰਚਿਆਂ ਇਹ ਸਿੱਖ ਨੌਜਵਾਨ, ਇਹ ਹੈ ਮਕਸਦ
ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਮਿਸ਼ਨਰੀ ਜਜ਼ਬੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਹੁਣ ਉਹ ਸਰਕਾਰ ਦਾ ਹਿੱਸਾ ਬਣ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਨਵੇਂ ਭਰਤੀ ਹੋਏ ਉਮੀਦਵਾਰ ਆਪਣੀ ਕਲਮ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਲਈ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਹੋਏ ਨੌਜਵਾਨ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ। (ਪ੍ਰੈੱਸ ਨੋਟ)