ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਇਕ ਤਰ੍ਹਾਂ ਨਾਲ ਪੰਜਾਬ ਪੁਲਿਸ ਲਈ ਨੱਕ ਦਾ ਸਵਾਲ ਬਣੀ ਹੋਈ ਸੀ। ਹਾਲਾਂਕਿ ਅੰਮ੍ਰਿਤਪਾਲ ਸਿੰਘ ਅਜਨਾਲਾ ਵਿੱਚ ਲੰਘੇ ਮਹੀਨੇ ਪੁਲਿਸ ਅਤੇ ਉਸਦੇ ਸਮਰਥਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਗ੍ਰਿਫਤਾਰੀ ਲਈ ਲੰਬੀ ਜੱਦੋਜਹਿਦ ਬਣਿਆ ਹੋਇਆ ਸੀ। ਸੂਬਾ ਪੁਲਿਸ ਵਲੋਂ ਅੰਮ੍ਰਿਤਪਾਲ ਨੂੰ ਬੇਸ਼ੱਕ ਅਜਨਾਲਾ ਕਾਂਡ ਤੋਂ ਬਾਅਦ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਇਹ ਜਰੂਰ ਸੀ ਕਿ ਪੁਲਿਸ ਕਿਸੇ ਨਾ ਕਿਸੇ ਦਿਨ ਇਹ ਕਾਰਵਾਈ ਜਰੂਰ ਕਰੇਗੀ। ਕਿਉਂਕਿ ਪੁਲਿਸ ਵਲੋਂ ਅਜਨਾਲਾ ਵਿਖੇ ਥਾਣੇ ਦੀ ਘਟਨਾ ਤੋਂ ਬਾਅਦ ਮੌਕੇ ਉੱਤੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸੀ ਅਤੇ ਇਸ ਕਰਕੇ ਪੁਲਿਸ ਦੀ ਕਿਰਕਿਰੀ ਵੀ ਹੋਈ ਸੀ।
ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਮੋਗਾ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਛੇ ਸਾਥੀਆਂ ਸਣੇ ਗ੍ਰਿਫਤਾਰ ਕੀਤਾ ਹੈ। ਇਹ ਵੀ ਜਿਕਰਯੋਗ ਹੈ ਅਜਨਾਲਾ ਥਾਣਾ ਵਿਖੇ ਕੀਤੇ ਗਏ ਹੰਗਾਮੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਨਫਰਤ ਭਰੇ ਭਾਸ਼ਣ ਦੇਣ ਸਣੇ ਹੋਰ ਤਿੰਨ ਮਾਮਲੇ ਦਰਜ ਕੀਤੇ ਹਨ। ਪੰਜਾਬ ਪੁਲਿਸ ਲਗਾਤਾਰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਗਤੀਵਿਧੀਆਂ ਉੱਤੇ ਤਿੱਖੀ ਨਜਰ ਰੱਖ ਰਹੀ ਸੀ। ਇਹ ਗ੍ਰਿਫਤਾਰੀ ਵੀ ਉਸੇ ਕੜੀ ਦਾ ਹਿੱਸਾ ਹੈ।
ਅਜਨਾਲਾ ਕਾਂਡ ਤੋਂ ਬਾਅਦ ਰੜਕ ਰਿਹਾ ਸੀ ਅੰਮ੍ਰਿਤਪਾਲ : ਦਰਅਸਲ ਅੰਮ੍ਰਿਤਪਾਲ ਸਿੰਘ ਅਜਨਾਲਾ ਕਾਂਡ ਤੋਂ ਬਾਅਦ ਹੀ ਪੁਲਿਸ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਪਰ ਉਸਦੀ ਗ੍ਰਿਫਤਾਰੀ ਨਾਲ ਕਿਸੇ ਵੀ ਤਰ੍ਹਾਂ ਦਾ ਮਾਹੌਲ ਵਿਗੜਨ ਦੇ ਡਰੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਕਿਉਂ ਕਿ ਪੁਲਿਸ ਅਜਨਾਲਾ ਵਿਖੇ ਟ੍ਰੇਲਰ ਵੇਖ ਚੁੱਕੀ ਸੀ। ਇਹ ਵੀ ਯਾਦ ਰਹੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਆਪਣੇ ਸਾਥੀ ਲਵਪ੍ਰੀਤ ਸਿੰਘ ਨੂੰ ਸਿੱਖ ਸੰਗਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਨਾਲ ਗਏ ਅੰਮ੍ਰਿਤਪਾਲ ਸਿੰਘ ਦੀ ਪੁਲਿਸ ਨਾਲ ਤਿੱਖੀ ਝੜਪ ਹੋਈ ਸੀ। ਪੰਜਾਬ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਹਾਲਾਂਕਿ ਪੁਲਿਸ ਵਲੋਂ ਲਾਠੀਚਾਰਜ ਨਾ ਕਰਨ ਦੇ ਹਵਾਲੇ ਵਿੱਚ ਇਹ ਕਿਹਾ ਗਿਆ ਕਿ ਸਾਹਮਣੇ ਪਾਲਕੀ ਸਾਹਿਬ ਹੋਣ ਅਤੇ ਬੇਅਦਬੀ ਦੇ ਡਰੋਂ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ। ਉਸ ਵੇਲੇ ਅੰਮ੍ਰਿਤਪਾਲ ਸਿੰਘ ਨੇ ਵੀ ਕਿਹਾ ਸੀ ਕਿ ਉਹ ਥਾਣੇ ਵਿੱਚ ਹੈ ਅਤੇ ਪੁਲਿਸ ਚਾਹੇ ਤਾਂ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ।
ਅੰਮ੍ਰਿਤਪਾਲ ਦੇ ਅਸਲਾ ਲਾਇਸੈਂਸ ਹੋਏ ਸੀ ਰੱਦ : ਪੰਜਾਬ ਪੁਲਿਸ ਲਈ ਅੰਮ੍ਰਿਤਪਾਲ ਸਿੰਘ ਦੇ ਬਿਆਨ ਲਗਾਤਾਰ ਚੁਣੌਤੀ ਬਣੇ ਹੋਏ ਸਨ। ਪੁਲਿਸ ਵਲੋਂ ਲਗਾਤਾਰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਸ਼ਿਕੰਜਾਂ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਗਏ ਸਨ। ਪੁਲਿਸ ਵਲੋਂ ਇਹ ਕਾਰਵਾਈ ਵੀ ਗੁਪਤ ਤਰੀਕੇ ਨਾਲ ਕੀਤੀ ਗਈ। ਦੂਜੇ ਪਾਸੇ ਪਿਛਲੇ ਹਫਤੇ ਅੰਮ੍ਰਿਤਪਾਲ ਸਿੰਘ ਦਾ ਬਿਆਨ ਵੀ ਆਇਆ ਸੀ ਕਿ ਉਹ ਕੋਈ ਸਰਕਾਰੀ ਸੁਰੱਖਿਆ ਨਹੀਂ ਲੈਂਦੇ ਅਤੇ ਖਾਲਸਾ ਆਪਣੇ ਦਮ ਉੱਤੇ ਕਾਰਵਾਈ ਕਰਦਾ ਹੈ। ਅੰਮ੍ਰਿਤਪਾਲ ਸਿੰਘ ਨੇ ਇਹ ਵੀ ਕਿਹਾ ਸੀ ਕਿ ਮੌਕਾ ਆਉਣ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਭੱਜਦਿਆਂ ਨੂੰ ਵਾਹੁਣ ਇਕੋ ਜਿਹੇ ਹੁੰਦੇ ਹਨ।
ਅੰਮ੍ਰਿਤਪਾਲ ਸਿੰਘ ਦਾ ਨਾਗਰਿਕਤਾ ਬਾਰੇ ਬਿਆਨ : ਅਜਨਾਲਾ ਕਾਂਡ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਦੇ ਬਿਆਨ ਅਤੇ ਵੱਖਵਾਦੀ ਭਾਸ਼ਣ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੇ ਹਨ। ਅੰਮ੍ਰਿਤਪਾਲ ਸਿੰਘ ਆਪਣੇ ਬਿਆਨ ਵਿੱਚ ਇਹ ਵੀ ਕਹਿ ਚੁੱਕਾ ਹੈ ਕਿ ਉਹ ਭਾਰਤੀ ਨਾਗਰਿਕ ਨਹੀਂ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਦਿੱਤੇ ਬਿਆਨ ਤੋਂ ਵੀ ਰੱਫੜ ਪੈ ਚੁੱਕਾ ਹੈ।
ਕੌਣ ਹੈ ਅੰਮ੍ਰਿਤਪਾਲ : ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਬਣਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ ਦੁਬਈ ਤੋਂ ਕਈ ਸਾਲ ਬਾਅਦ ਪੰਜਾਬ ਆਇਆ ਹੈ ਅਤੇ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਦਾ ਜੰਮਪਲ ਹੈ। ਅੰਮ੍ਰਿਤਪਾਲ ਸਿੰਘ ਲਗਾਤਾਰ ਖਾਲਿਸਤਾਨ ਦਾ ਸਮਰਥਨ ਕਰਦਾ ਆ ਰਿਹਾ ਹੈ ਅਤੇ ਪੰਜਾਬ ਪੁਲਿਸ ਸਣੇ ਕੇਂਦਰੀ ਗ੍ਰਹਿ ਮੰਤਰਾਲਾ ਵੀ ਅੰਮ੍ਰਿਤਪਾਲ ਸਿੰਘ ਉੱਤੇ ਨਜਰ ਰੱਖ ਰਿਹਾ ਹੈ।
ਇਹ ਵੀ ਪੜ੍ਹੋ:- Amritpal arrested: ਅੰਮ੍ਰਿਤਪਾਲ ਤੇ ਉਸਦੇ 6 ਸਾਥੀ ਗ੍ਰਿਫਤਾਰ, ਗੱਡੀ ਲੈ ਭੱਜ ਰਿਹਾ ਸੀ ਪੁਲਿਸ ਨੇ ਡੇਢ ਘੰਟੇ ਪਿੱਛਾ ਕਰਕੇ ਫੜਿਆ !