ਚੰਡੀਗੜ੍ਹ: ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀ ਇਨ੍ਹਾਂ ਸੀਟਾਂ ਉੱਤੇ ਜਿਥੇ ਹਾਈ ਪ੍ਰੋਫਾਈਲ ਮੁਕਾਬਲਾ ਦੇਖਣ ਨੂੰ ਮਿਲੇਗਾ ਉਥੇ ਹੀ ਦੂਜੇ ਪਾਸੇ ਇਨ੍ਹਾਂ ਸੀਟਾਂ ਉੱਤੇ ਕਾਂਗਰਸ ਦੀ ਵੀ ਨਜ਼ਰਾਂ ਟਿਕੀਆਂ ਹੋਈਆ ਹਨ। ਕਾਂਗਰਸ ਨੂੰ ਟੱਕਰ ਦੇਣ ਲਈ ਭਾਜਪਾ ਮਰਹੂਮ ਵਿਨੋਦ ਖੰਨਾ ਦੇ ਪੁੱਤਰ ਅਕਸ਼ੈ ਖੰਨਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਮੁਕਾਬਲੇ ਵਿੱਚ ਉਤਾਰ ਸਕਦੀ ਹੈ।
ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਕਸ਼ੈ ਖੰਨਾ ਭਾਜਪਾ ਦਾ ਝੰਡਾ ਲੈ ਕੇ ਆਪਣੇ ਪਿਤਾ ਦੀ ਰਾਜਨੀਤਕ ਸਿਆਸਤ ਨੂੰ ਸੰਭਾਲ ਸਕਦੇ ਹਨ। ਗੁਰਦਾਸਪੁਰ ਤੋਂ ਚਾਰ ਵਾਰ ਸੰਸਦੀ ਮੈਂਬਰ ਰਹਿ ਚੁੱਕੇ ਵਿਨੋਦ ਖੰਨਾ ਦੀ ਸਿਆਸੀ ਵਿਰਾਸਤ ਨੂੰ ਸੰਭਾਲਣ ਲਈ ਭਾਜਪਾ ਉਨ੍ਹਾਂ ਦੇ ਪੁੱਤਰ ਅਕਸ਼ੈ ਨੂੰ ਇਹ ਜ਼ਿੰਮੇਵਾਰੀ ਸੌਂਪ ਸਕਦੀ ਹੈ। ਭਾਜਪਾ ਪਾਰਟੀ ਦੇ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਅਕਸ਼ੈ ਗੁਰਦਾਸਪੁਰ ਤੋਂ ਚੋਣ ਲੜਦੇ ਹਨ ਤਾਂ ਉਨ੍ਹਾਂ ਨੂੰ ਪਿਤਾ ਦੇ ਸਿਆਸੀ ਅਹੁਦੇ ਦਾ ਲਾਭ ਮਿਲ ਸਕਦਾ ਹੈ ਅਤੇ ਉਹ ਅਸਾਨੀ ਨਾਲ ਕਾਂਗਰਸ ਨੂੰ ਮਾਤ ਦੇ ਸਕਦੇ ਹਨ।
ਭਾਜਪਾ ਨੇ ਅੰਮਿ੍ਤਸਰ ਅਤੇ ਗੁਰਦਾਸਪੁਰ ਸੀਟ ਨੂੰ ਲੈ ਕੇ ਪੈਨਲ ਸ਼ਾਰਟ ਲਿਸਟ ਕਰ ਲਿਆ ਹੈ। ਹਾਲਾਂਕਿ ਇਸ ਸੀਟ ਤੋਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਦਾਅਵਾ ਪੇਸ਼ ਕਰ ਰਹੀ ਹੈ, ਪਰ ਭਾਜਪਾ ਅਕਸ਼ੈ ਨੂੰ ਹੀ ਤਰਜੀਹ ਦੇ ਰਹੀ ਹੈ।