ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਹੁਣ ਕਾਂਗਰਸ ਵੱਲੋਂ ਦਲਿਤਾਂ ਅਤੇ ਗ਼ਰੀਬ ਵਰਗਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਇੱਕ ਤੋਂ ਬਾਅਦ ਇੱਕ ਮੋਰਚਾ ਖੋਲ੍ਹੇਗੀ ਤਾਂ ਕਿ ਪੰਜਾਬ ਸਰਕਾਰ ਉੱਤੇ ਵਾਅਦੇ ਪੂਰੇ ਕਰਨ ਦਾ ਦਬਾਅ ਬਣਾਇਆ ਜਾ ਸਕੇ।
'ਆਪ' ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ ਪ੍ਰਧਾਨ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਕਈ ਅਹਿਮ ਫ਼ੈਸਲਿਆਂ ਤਹਿਤ ਵਿੰਗ ਵੱਲੋਂ ਬਜ਼ੁਰਗਾਂ, ਵਿਧਵਾਵਾਂ ਅਤੇ ਦਿਵਿਆਂਗ ਲੋਕਾਂ ਨੂੰ ਵਾਅਦੇ ਅਨੁਸਾਰ 2500 ਰੁਪਏ ਪੈਨਸ਼ਨ ਅਤੇ ਯੋਗ ਦਲਿਤ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਂਟ ਨਾ ਦਿੱਤੇ ਜਾਣ ਵਿਰੁੱਧ ਸਰਕਾਰ ਖ਼ਿਲਾਫ਼ ਮੋਰਚਾ ਵਿੱਢਣ ਦੇ ਫ਼ੈਸਲੇ ਲਏ ਗਏ।
ਮਨਜੀਤ ਬਿਲਾਸਪੁਰ ਅਤੇ ਕੁਲਵੰਤ ਪੰਡੋਰੀ ਨੇ ਕਿਹਾ ਕਿ ਕੈਪਟਨ ਸਰਕਾਰ ਸਭ ਤੋਂ ਵੱਧ ਦਲਿਤ ਵਿਰੋਧੀ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਲੰਘ ਚੁੱਕੇ ਹਨ ਪਰੰਤੂ ਕੈਪਟਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਨਿਭਾਉਣ ਵੱਲ ਕੋਈ ਕਦਮ ਨਹੀਂ ਚੁੱਕਿਆ, ਕਿਉਂਕਿ ਇਸ 'ਸ਼ਾਹੀ ਸਰਕਾਰ' ਦੀ ਦਲਿਤ ਵਿਰੋਧੀ ਸੋਚ ਹੋਣ ਕਾਰਨ ਦਲਿਤ ਵਰਗ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ ਹੈ।
ਇਸ ਮੌਕੇ ਦੇਵ ਮਾਨ ਅਤੇ ਬਲਜਿੰਦਰ ਸਿੰਘ ਚੌਂਦਾ ਨੇ ਕਿਹਾ ਕਿ ਕੈਪਟਨ ਸਰਕਾਰ ਕੋਲੋਂ 2500 ਰੁਪਏ ਬੁਢਾਪਾ ਪੈਨਸ਼ਨ ਤਾਂ ਦੂਰ 750 ਰੁਪਏ ਪੈਨਸ਼ਨ ਵੀ ਨਹੀਂ ਦਿੱਤੀ ਜਾ ਰਹੀ। ਇਸੇ ਤਰ੍ਹਾਂ ਲੱਖਾਂ ਬੇਘਰ ਦਲਿਤ ਪਰਿਵਾਰ 5-5 ਮਰਲਿਆਂ ਦੇ ਪਲਾਂਟਾਂ ਨੂੰ ਤਰਸ ਰਹੇ ਹਨ।
ਇਹ ਵੀ ਪੜੋ: ਲੱਦਾਖ ਦੀ ਗਲਵਾਨ ਘਾਟੀ ਦਾ ਕਸ਼ਮੀਰੀ ਨਾਂਅ ਕਿਉਂ ਰੱਖਿਆ ਗਿਆ?
ਉਨ੍ਹਾਂ ਕਿਹਾ ਕਿ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਐਸ.ਸੀ ਵਿੰਗ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਮੋਰਚਾ ਖੋਲ੍ਹ ਰਿਹਾ ਹੈ।