ਚੰਡੀਗੜ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਨਵਾਂ ਸ਼ਹਿਰ ਹਲਕੇ ਦੇ ਪਿੰਡ ਰਾਣੇਵਾਲ ‘ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਬੂਥ ਇੰਚਾਰਜ ਪਰਮਜੀਤ ਪੰਮਾ ਦੀ ਹੋਈ ਹੱਤਿਆ ਦੀ ਸਖ਼ਤ ਨਿਖੇਧੀ ਕਰਦੇ ਹੋਏ ਇਸ ਨੂੰ ਨਿਰੋਲ ਸਿਆਸੀ ਕਤਲ ਕਰਾਰ ਦਿੱਤਾ।
ਚੀਮਾ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਪਰਮਜੀਤ ਪੰਮਾ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਹੋਏ ਪਰਿਵਾਰ ਨੂੰ ਇਨਸਾਫ਼ ਅਤੇ ਜ਼ਾਲਮ ਹਤਿਆਰਿਆਂ ਨੂੰ ਸਖ਼ਤ ਸਜਾ ਦਿਵਾਉਣ ਦਾ ਅਹਿਦ ਲਿਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਰਮਜੀਤ ਪੰਮਾ ਕਤਲ ਕੇਸ ‘ਚ ਸੱਤਾਧਾਰੀ ਕਾਂਗਰਸ ਦੇ ਸਥਾਨਕ ਆਗੂ ਅਤੇ ਉਨ੍ਹਾਂ ਦੇ ਕੁੱਝ ਹੱਥ-ਠੋਕੇ ਪੁਲਿਸ ਕਰਮੀਂ ਸਿੱਧੇ ਤੌਰ ‘ਤੇ ਸ਼ਾਮਲ ਹਨ। ਇਸ ਲਈ ਇਸ ਮਾਮਲੇ ਦੀ ਸਮਾਂਬੱਧ ਨਿਆਇਕ ਜਾਂਚ ਕਰਵਾਈ ਜਾਵੇ। ਚੀਮਾ ਨੇ ਕਿਹਾ ਕਿ ਹਫ਼ਤੇ ਦੇ ਅੰਦਰ-ਅੰਦਰ ਨਵਾਂ ਸ਼ਹਿਰ ਜ਼ਿਲੇ ‘ਚ ਇੱਕੋ ਤਰਾਂ ਦਾ ਇਹ ਦੂਸਰਾ ਕਤਲ ਹੈ।
ਰਾਹੋਂ ਦੇ ਪੱਤਰਕਾਰ ਸਨਪ੍ਰੀਤ ਮਾਂਗਟ ਦੀ ਹੱਤਿਆ ਵੀ ਇਸੇ ਤਰਾਂ ਸਿਆਸਤਦਾਨਾਂ ਅਤੇ ਮਾਫ਼ੀਆ ਦੀ ਜੁਗਲਬੰਦੀ ਦਾ ਨਤੀਜਾ ਸੀ, ਕਿਉਂਕਿ ਬਤੌਰ ਪੱਤਰਕਾਰ ਮਾਂਗਟ ਰੇਤ ਮਾਫ਼ੀਆ ਵਿਰੁੱਧ ਆਵਾਜ਼ ਬੁਲੰਦ ਰੱਖਦਾ ਸੀ। ਇਸੇ ਤਰਾਂ ਪਰਮਜੀਤ ਪੰਮਾ ਵੀ ਆਮ ਆਦਮੀ ਪਾਰਟੀ ਦਾ ਨਿਧੜਕ ਆਗੂ ਅਤੇ ਚੰਗਾ ਬੁਲਾਰਾ ਹੋਣ ਦੇ ਨਾਲ-ਨਾਲ ਪਾਰਟੀ ਨੂੰ ਸੰਗਠਨਾਤਮਕ ਪੱਧਰ ‘ਤੇ ਮਜ਼ਬੂਤ ਕਰਨ ‘ਚ ਜੁਟਿਆ ਹੋਇਆ ਸੀ। ਪਰਮਜੀਤ ਪੰਮਾ ਦੀ ਬੁਲੰਦ ਆਵਾਜ਼ ਅਤੇ ਸਿਆਸੀ ਗਤੀਵਿਧੀਆਂ ਨਵਾਂ ਸ਼ਹਿਰ ਦੇ ਸੱਤਾਧਾਰੀ ਆਗੂਆਂ ਨੂੰ ਲਗਾਤਾਰ ਰੜਕਦੀਆਂ ਆ ਰਹੀਆਂ ਸਨ।
ਚੀਮਾ ਅਤੇ ਰੋੜੀ ਨੇ ਕਿਹਾ ਕਿ ਅਜਿਹੇ ਘਿਣਾਉਣੇ ਅਪਰਾਧ ਸੂਬੇ ‘ਚ ਕਾਨੂੰਨ ਵਿਵਸਥਾ ਦੀ ਥਾਂ ਜੰਗਲਰਾਜ ਕਾਰਨ ਲਗਾਤਾਰ ਵਾਪਰ ਰਹੇ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਆਪਣੇ ਸਿਸਵਾ ਫਾਰਮਹਾਊਸ ‘ਤੇ ਬੈਠ ਕੇ ਆਪਣੀ ਡਗਮਗਾ ਰਹੀ ਕੁਰਸੀ ਨੂੰ ਲੰਚ-ਡਿਨਰ ਡਿਪਲੋਮੇਸੀ ਨਾਲ ਬਚਾਉਣ ‘ਚ ਰੁੱਝੇ ਹੋਏ ਹਨ, ਪਰ ਜਰਜਰ ਕਾਨੂੰਨ ਵਿਵਸਥਾ ਨੇ ਪੰਜਾਬ ਦੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਹੈ।