ਚੰਡੀਗੜ੍ਹ: ਕੋਰੋਨਾ ਵਾਇਰਸ ਦੁਨੀਆਂ ਭਰ ਵਿੱਚ ਫੈਲ ਰਿਹਾ ਹੈ। ਚੰਡੀਗੜ੍ਹ ਵਿੱਚ 7 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਜਿਸ ਦੇ ਬਾਰੇ ਗੱਲ ਕਰਦੇ ਹੋਏ ਚੰਡੀਗੜ੍ਹ ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਨੇ ਦੱਸਿਆ ਕਿ 7ਵਾਂ ਕੇਸ ਚੰਡੀਗੜ੍ਹ ਵਿੱਚ ਪਹਿਲੇ ਕੇਸ ਨਾਲ ਮਿਲਦਾ ਜੁਲਦਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦਾ ਸਾਕਾਰਤਮਕ ਮਾਮਲਾ 23 ਸਾਲਾ ਫ਼ਿਜ਼ਾ ਗੁਪਤਾ ਵਿੱਚ ਪਾਇਆ ਗਿਆ ਸੀ ਜੋ ਕਿ ਇੰਗਲੈਂਡ ਤੋਂ ਵਾਪਸ ਆਈ ਸੀ।
ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦੀ ਮਾਤਾ, ਭਰਾ ਅਤੇ ਕੁੱਕ ਵਿੱਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਹੁਣ 7ਵਾਂ ਕੇਸ ਜੋ ਸਿਦਕ ਦਾ ਸਾਹਮਣੇ ਆਇਆ ਹੈ, ਜਾਣਕਾਰੀ ਮੁਤਾਬਕ ਸਿਦਕ ਫ਼ਿਜ਼ਾ ਗੁਪਤਾ ਦੇ ਭਰਾ ਦਾ ਦੋਸਤ ਹੈ। ਸਿਦਕ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਮਿਲਣ ਗਿਆ ਸੀ ਅਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਫ਼ਿਜ਼ਾ ਗੁਪਤਾ ਕੋਰੋਨਾ ਪਾਜਿਟਿਵ ਹੈ ਤਾਂ ਉਨ੍ਹਾਂ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ ਜੋ ਕਿ ਸਾਕਾਰਾਤਮਕ ਪਾਇਆ ਗਿਆ ਹੈ।
ਫ਼ਿਲਹਾਲ ਸਿਦਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨਾਕਾਰਾਤਮਕ ਪਾਈ ਗਈ ਹੈ। ਚੰਡੀਗੜ੍ਹ ਦੇ ਸਲਾਹਕਾਰ ਪਰੀਦਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੰਡੀਗੜ੍ਹ ਵਿੱਚ ਪੜ੍ਹੇ-ਲਿਖੇ ਲੋਕ ਹਨ ਅਤੇ ਉਹ ਜਾਣਦੇ ਹਨ ਕਿ ਕਿਵੇਂ ਇਸ ਤੋਂ ਸਾਵਧਾਨੀ ਰੱਖੀ ਜਾ ਸਕਦੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਨਾਲ ਲੜਿਆ ਜਾ ਸਕਦਾ ਹੈ।