ਚੰਡੀਗੜ੍ਹ: ਪੰਜਾਬ ਦੇ ਸੈਰ-ਸਪਾਟਾ ਮੰਤਰੀ ਚਰਨਜੀਤ ਚੰਨੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਸੈਰ-ਸਪਾਟਾ ਵਿਭਾਗ ਵੱਲੋਂ ਇਛੁੱਕ ਨੌਜਵਾਨਾਂ ਮੁਫ਼ਤ ਟ੍ਰੇਨਿੰਗ ਅਤੇ ਹੁਨਰ ਵਿਕਾਸ ਸਿਖਲਾਈ ਦਿੱਤੀ ਜਾਵੇਗੀ।
ਚੰਨੀ ਨੇ ਕਿਹਾ ਕਿ ਇਹ ਸਭ ਕੋਵਿਡ-19 ਨੂੰ ਠੱਲ੍ਹ ਪਾਉਣ ਤੋਂ ਬਾਅਦ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਮੁੱਖ ਸਕੀਮ ‘ਹੁਨਰ ਸੇ ਰੋਜ਼ਗਾਰ ਤੱਕ’ ਤਹਿਤ 2 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਨਾਲ ਨਾਲ ਪਲੇਸਮੈਂਟ ਵਿੱਚ ਵੀ ਸਹਾਇਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਤਕਰੀਬਨ 1000 ਵਿਦਿਆਰਥੀਆਂ ਨੂੰ ਐਂਟਰਪ੍ਰੀਨੀਓਰਸ਼ਿਪ ਪ੍ਰੋਗਰਾਮ ਤਹਿਤ ਸਕਿੱਲ ਟੈਸਟਿੰਗ ਅਤੇ ਸਰਟੀਫਿਕੇਸ਼ਨ ਦੀ ਸਿਖਲਾਈ ਵੀ ਦਿੱਤੀ ਜਾਵੇਗੀ।
ਰੁਜ਼ਗਾਰ ਉਤਪਤੀ ਅਤੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਅਸੰਗਠਿਤ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਸੈਰ-ਸਪਾਟਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਬਿਹਤਰ ਸੇਵਾਵਾਂ ਤੇ ਉਪਭੋਗਤਾ ਸੰਤੁਸ਼ਟੀ ਮੁਹੱਈਆ ਕਰਵਾਉਣ ਲਈ ਮੁੱਢਲੀ ਸਿਖਲਾਈ ਅਤੇ ਸਰਟੀਫਿਕੇਸ਼ਨ ਦੀ ਲੋੜ ਹੁੰਦੀ ਹੈ। ਇਸ ਲਈ, ਤਕਰੀਬਨ 800 ਅਜਿਹੇ ਸੈਰ-ਸਪਾਟਾ ਸੇਵਾਵਾਂ ਦੇਣ ਵਾਲਿਆਂ ਨੂੰ ਹੁਨਰ ਸਿਖਲਾਈ ਅਤੇ ਸਰਟੀਫਿਕੇਸ਼ਨ ਲਈ ਸਿਖਲਾਈ ਦਿੱਤੀ ਜਾਏਗੀ।
ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਉੱਦਮਤਾ ਪ੍ਰੋਗਰਾਮ ਤਹਿਤ ਇਕ ਹੋਰ ਪ੍ਰੋਗਰਾਮ ਵਿਚ 400 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਵਿਚ ਕੁੱਕ-ਤੰਦੂਰ, ਬਾਰਮੈਨ, ਬੇਕਰ, ਹੋਮਸਟੇਅ (ਹੁਨਰਮੰਦ ਕੇਅਰਟੇਕਰ) ਅਤੇ ਹਲਵਾਈ ਲਈ ਸ਼ਾਰਟ-ਟਰਮ ਕੁਆਲਟੀ ਟ੍ਰੇਨਿੰਗ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਹੈਰੀਟੇਜ਼ ਐਂਡ ਟੂਰੀਜ਼ਮ ਪ੍ਰਮੋਸ਼ਨ ਬੋਰਡ ਨਾਲ ਸੂਚੀਬੱਧ ਵਿੱਦਿਅਕ ਸੰਸਥਾਵਾਂ ਰਾਹੀਂ ਮੁਹਾਲੀ, ਫਤਿਹਗੜ੍ਹ ਸਾਹਿਬ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ ਤੇ ਮੁਹਾਲੀ ਪ੍ਰਾਹੁਣਾਚਾਰੀ ਸੈਕਟਰ ਦੀ ਮੁਫ਼ਤ ਸਿਖਲਾਈ ਦਿੱਤੀ ਜਾਏਗੀ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੁਨਰ ਨੂੰ ਨਿਖਾਰਨ ਅਤੇ ਰੁਜ਼ਗਾਰ ਪ੍ਰਾਪਤ ਕਰਨ ਲਈ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ। ਸਿਖਲਾਈ ਪੂਰੀ ਹੋਣ ‘ਤੇ ਵਿਦਿਆਰਥੀਆਂ ਨੂੰ 1500 ਤੋਂ 2000 ਰੁਪਏ ਤੱਕ ਦੇ ਵਜ਼ੀਫ਼ੇ ਵੀ ਦਿੱਤੇ ਜਾਣਗੇ।