ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਬਠਿੰਡਾ-ਬਾਦਲ ਰੋਡ ’ਤੇ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇੱਥੇ ਦੋ ਏਕੜ ਦੇ ਕਰੀਬ ਥਾਂ ਖਾਲੀ ਕੀਤੀ ਗਈ ਹੈ। ਕਿਉਂਕਿ ਉਨ੍ਹਾਂ ਦੇ ਅੰਤਿਮ ਸਸਕਾਰ ਅਤੇ ਦਰਸ਼ਨਾਂ ਲਈ ਵੱਡੀ ਸੰਖਿਆਂ ਵਿੱਚ ਲੋਕਾਂ ਦੇ ਪਹੁੰਚਣ ਦੀ ਆਸ ਹੈ। ਦੂਜੇ ਪਾਸੇ ਉਨ੍ਹਾਂ ਦੇ ਲੰਬੀ ਵਾਲੇ ਘਰ ਅਤੇ ਸਸਕਾਰ ਵਾਲੀ ਥਾਂ ਉੱਤੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਾਈ ਗਈ ਹੈ।
ਇੱਥੋਂ ਲੰਘੇਗੀ ਅੰਤਿਮ ਯਾਤਰਾ : ਇਹ ਵੀ ਯਾਦ ਰਹੇ ਕਿ ਮਰਹੂਮ ਪਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਬੁੱਧਵਾਰ ਯਾਨੀ ਅੱਜ ਸੈਕਟਰ-28 ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ਵਿਖੇ ਰੱਖੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਰਾਮਪੁਰਾ ਫੂਲ ਤੋਂ ਹੁੰਦਾ ਹੋਇਆ ਬਠਿੰਡਾ ਦੇ ਪਿੰਡ ਬਾਦਲ ਵਿਖੇ ਜਾਵੇਗੀ। ਵੀਰਵਾਰ ਨੂੰ ਦੁਪਹਿਰ 1 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪਰਕਾਸ਼ ਸਿੰਘ ਬਾਦਲ ਦਾ ਵੀਰਵਾਰ ਨੂੰ ਜੱਦੀ ਪਿੰਡ ਬਾਦਲ ਦੇ ਖੇਤ 'ਚ ਹੋਵੇਗਾ ਅੰਤਿਮ ਸਸਕਾਰ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ 16 ਅਪ੍ਰੈਲ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਵੀਰਵਾਰ ਨੂੰ ਦੁਪਹਿਰ 1 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ 2 ਦਿਨ ਦੇ ਰਾਸ਼ਟਰੀ ਸੋਗ ਦਾ ਕੀਤਾ ਐਲਾਨ: ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੇ ਦੁਖ ਵਜੋਂ ਕੇਂਦਰ ਸਰਕਾਰ ਨੇ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਜਿਸ ਵਿੱਚ ਦੋ ਦਿਨਾਂ ਤੱਕ ਦੇਸ਼ ਭਰ ਵਿੱਚ ਝੰਡਾ ਅੱਧਾ ਝੁਕਾਇਆ ਜਾਵੇਗਾ, ਜਦਕਿ ਸਾਰੇ ਸਰਕਾਰੀ ਮਨੋਰੰਜਨ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਥੇ ਹੀ ਪਰਕਾਸ਼ ਸਿੰਘ ਬਾਦਲ ਦੀ ਮੌਤ ਦੇ ਸੋਗ ਵੱਜੋਂ ਪੰਜਾਬ ਵਿੱਚ ਸਰਕਾਰੀ ਛੁੱਟੀ ਰਹੇਗੀ, ਕੱਲ੍ਹ ਯਾਨੀ 27 ਅਪ੍ਰੈਲ ਨੂੰ ਪੰਜਾਬ ਵਿੱਚ ਸਾਰੇ ਸਰਕਾਰੀ ਦਫ਼ਤਰ ਤੇ ਸਕੂਲ ਬੰਦ ਰਹਿਣਗੇ। ਉਥੇ ਹੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਮੌਤ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਲੋਕ ਸਭਾ ਉਪ ਚੋਣ ਦੇ ਦੋ ਦਿਨ ਦੇ ਚੋਣ ਪ੍ਰੋਗਰਾਮ ਰੱਦ ਕਰ ਦਿੱਤੇ ਹਨ, ਜਦਕਿ ਭਾਜਪਾ ਨੇ ਇਕ ਦਿਨ ਲਈ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਕਿਹਾ- ਪਰਕਾਸ਼ ਸਿੰਘ ਬਾਦਲ ਹਮੇਸ਼ਾ ਲੋਕਾਂ ਨਾਲ ਜੁੜੇ ਰਹੇ
ਯਾਦ ਰਹੇ ਕਿ ਪਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਮੁਕਤਸਰ ਦੇ ਇੱਕ ਛੋਟੇ ਜਿਹੇ ਪਿੰਡ ਅਬੁਲ ਖੁਰਾਣਾ ਦੇ ਇੱਕ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਖਿਡਾਰੀ ਪ੍ਰਕਾਸ਼ ਸਿੰਘ ਬਾਦਲ ਨੂੰ ਡਾਕਟਰ ਬਣਨ ਦੀ ਇੱਛਾ ਸੀ। ਉਨ੍ਹਾਂ ਨੇ ਇੱਕ ਸਾਲ ਤੱਕ ਮੈਡੀਕਲ ਦੀ ਪੜ੍ਹਾਈ ਵੀ ਕੀਤੀ। ਸਾਲ 1959 ਵਿੱਚ ਸੁਰਿੰਦਰ ਕੌਰ ਨਾਲ ਵਿਆਹ ਹੋਇਆ। ਉਹ ਆਪਣੇ ਪਿੱਛੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਬੇਟੀ ਪ੍ਰਨੀਤ ਕੌਰ ਛੱਡ ਗਏ ਹਨ। ਨੂੰਹ ਹਰਸਿਮਰਤ ਕੌਰ ਬਾਦਲ ਸਾਂਸਦ ਹੈ। ਪਰਕਾਸ਼ ਸਿੰਘ ਬਾਦਲ ਦੀ ਪਤਨੀ ਦੀ 2011 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ।