ਸੰਗਰੂਰ: 4 ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਕਾਫ਼ੀ ਖੁਸ਼ ਹੈ। ਇਸੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ 'ਤੇ ਭਰੋਸਾ ਕੀਤਾ ਹੈ। ਇਸੇ ਕਾਰਨ ਹੀ 3 ਸੀਟਾਂ 'ਆਪ' ਦੇ ਖਾਤੇ ਆਈਆਂ ਹਨ। ਚੀਮਾ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਲੋਕਾਂ ਨੇ ਚਾਰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨਾਲ ਇਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਕੰਮਾਂ ਤੋਂ ਖੁਸ਼ ਹਨ।
ਕਾਂਗਰਸ ਦੀਆਂ ਸੀਟਾਂ 'ਤੇ 'ਆਪ' ਦਾ ਕਬਜ਼ਾ
ਦਿੜ੍ਹਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਤਿੰਨ ਸੀਟਾਂ ਜੋ ਕਾਂਗਰਸ ਕੋਲ ਸਨ, ਉਨ੍ਹਾਂ ਉਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਹੀ ਫੈਸਲਾ ਕੀਤਾ ਹੈ। ਇਸ ਜਿੱਤ ਲਈ ਪਾਰਟੀ ਦੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੀ ਪਾਰਟੀ ਲਈ ਕੁੰਨਬੇ ਪਾਲੇ ਹਨ। ਇਸ ਕਰਕੇ ਲੋਕਾਂ ਨੇ ਉਨ੍ਹਾਂ ਦਾ ਗੜ ਤੋੜ ਦਿੱਤਾ ਹੈ।
ਬਰਨਾਲਾ ਸੀਟ 'ਤੇ ਹਾਰ
ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਬਰਨਾਲ ਸੀਟ ਉਤੇ ਹੋਈ ਹਾਰ ਨੂੰ ਲੈ ਕੇ ਚੀਮਾ ਨੇ ਕਿਹਾ ਕਿ ਇਸ ਬਾਰੇ ਪਾਰਟੀ ਵਿਚਾਰ ਕਰੇਗੀ ਅਤੇ ਵੇਖਾਂਗੇ ਕਿ ਕਿਸ ਪਾਸੇ ਕਮੀ ਰਹਿ ਗਈ ਪਰ ਫਿਰ ਵੀ ਲੋਕ ਸਭਾ ਅੰਦਰ ਪਾਰਟੀ ਦੇ ਵਿਧਾਇਕਾਂ ਦਾ ਗਿਣਤੀ 92 ਤੋਂ ਵੱਧ ਕੇ 94 ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੀ ਹਾਰ ਬਾਰੇ ਚੀਮਾ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਨਾਲ ਨਫਰਤ ਕਰਦੀ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾ ਜ਼ਬਤ ਕਰਵਾ ਦਿੱਤੀਆਂ। ਪਾਰਟੀ ਦੇ ਬਣਾਏ ਨਵੇਂ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਪਾਰਟੀ ਅੰਦਰ ਜੱਥੇਬੰਦਕ ਢਾਂਚਾ ਹੋਰ ਮਜ਼ਬੂਤ ਹੋਵੇਗਾ।