ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਣਾਂ ਜਿੱਤੇ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ, ਪਰ ਪੰਜਾਬ 'ਚ ਵੱਗਦਾ ਨਸ਼ਿਆਂ ਦਾ ਦਰਿਆ ਅੱਜ ਵੀ ਨੌਜਵਾਨਾਂ ਨੂੰ ਨਿਗਲ ਰਿਹਾ ਹੈ। ਕਈ ਘਰ ਉੱਜੜ ਗਏ, ਕਈਆਂ ਮਾਂਵਾਂ ਦੀ ਗੋਦ ਸੁੰਨ੍ਹੀ ਹੋ ਗਈ। ਕੈਪਟਨ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਇੱਕ ਮਹੀਨੇ ਦੇ ਅੰਦਰ-ਅੰਦਰ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਸੀ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜ਼ਾ ਦੀ ਅਪੀਲ ਕਰ ਚੁੱਕੇ ਹਨ। ਇਹੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪੀੜਤਾਂ ਦੇ ਮੁਫ਼ਤ ਇਲਾਜ ਦੀ ਗੱਲ ਵੀ ਕਹੀ ਸੀ। ਪਰ, ਨਾ ਤਾਂ ਸੂਬੇ 'ਚੋਂ ਨਸ਼ਿਆਂ ਦਾ ਜ਼ਹਿਰ ਖ਼ਤਮ ਹੋਇਆ ਤੇ ਨਾ ਹੀ ਨਸ਼ਾ ਤਸਕਰਾਂ ਵਿਰੁੱਧ ਕੋਈ ਵੱਡਾ ਕਦਮ ਚੁੱਕਿਆ ਗਿਆ।
ਪੰਜਾਬ 'ਚ ਕਿੰਨਾ ਨਸ਼ਾ?
- ਪੰਜਾਬ ਦੇ ਤਕਰੀਬਨ 75 ਫੀਸਦੀ ਨੌਜਵਾਨ ਨਸ਼ਿਆਂ ਦੇ ਦਲਦਲ 'ਚ ਫਸੇ ਹਨ, ਯਾਨੀ ਹਰ 4 ਨੌਜਵਾਨਾਂ ਪਿੱਛੇ 3 ਨੌਜਵਾਨ ਨਸ਼ਿਆਂ ਦਾ ਸੇਵਨ ਕਰਦੇ ਹਨ।
- ਸਾਲ 2015 ਦੀ AIIMS, ਦਿੱਲੀ ਦੀ ਇੱਕ ਰਿਸਰਚ ਮੁਤਾਬਕ, ਪੰਜਾਬ 'ਚ 2 ਲੱਖ ਤੋਂ ਜ਼ਿਆਦਾ ਲੋਕ ਨਸ਼ੇ ਦੇ ਆਦੀ ਹਨ। ਪੰਜਾਬ 'ਚ ਸਭ ਤੋਂ ਜ਼ਿਆਦਾ ਭੁੱਕੀ, ਅਫ਼ੀਮ ਤੇ ਹੈਰੋਇਨ ਨਾਲ ਨਸ਼ਾ ਕੀਤਾ ਜਾਂਦਾ ਹੈ।
- ਅਧਿਕਾਰੀਆਂ ਮੁਤਾਬਕ, ਨਸ਼ਾ ਤਸਕਰ ਨਸ਼ੇ ਦੀ ਤਸਕਰੀ ਲਈ ਪੰਜਾਬ, ਰਾਜਸਥਾਨ, ਕਸ਼ਮੀਰ ਦਾ ਰਾਹ ਫੜ੍ਹ ਭਾਰਤ ਚ ਦਾਖਿਲ ਹੋ ਰਹੇ ਹਨ, ਜਿਸ ਕਾਰਨ ਇਹ ਸੂਬੇ ਨਸ਼ਿਆਂ ਨਾਲ ਜ਼ਿਆਦਾ ਪ੍ਰਭਾਵਿਤ ਹਨ।
ਸੂਬੇ 'ਚ ਨਸ਼ਿਆਂ ਨਾਲ ਮੌਤਾਂ ਦਾ ਆਂਕੜਾ
ਆਪ ਵਿਧਾਇਕ ਅਮਨ ਅਰੋੜਾ ਦੇ ਸਵਾਲ ਦੇ ਜਵਾਬ ਚ ਪੰਜਾਬ ਸਰਕਾਰ ਨੇ ਮੰਨਿਆ ਕਿ ਸਾਲ 2018-19 ਦੌਰਾਨ ਨਸ਼ਿਆਂ ਦੀ ਜ਼ਿਆਦਾ ਮਾਤਰਾ ਲੈਣ ਨਾਲ 56 ਲੋਕਾਂ ਨੇ ਆਪਣੀ ਜਾਨ ਗੁਆ ਲਈ ਤੇ ਸਾਲ 2017 ਦੌਰਾਨ 11 ਮੌਤਾਂ ਹੋਈਆਂ। ਇਨ੍ਹਾਂ ਮੌਤਾਂ ਚੋਂ ਸਭ ਤੋਂ ਜ਼ਿਆਦਾ ਮੌਤਾਂ ਅੰਮ੍ਰਿਤਸਰ ਚ ਹੋਈਆਂ। ਸਾਲ 2018-19 ਦੌਰਾਨ ਅੰਮ੍ਰਿਤਸਰ ਚ ਨਸ਼ਿਆਂ ਦੀ ਜ਼ਿਆਦਾ ਮਾਤਰਾ ਲੈਣ ਨਾਲ 11 ਲੋਕਾਂ ਦੀ ਜਾਨ ਚਲੀ ਗਈ ਤੇ ਤਰਤਾਰਨ ਚ 9 ਲੋਕ ਨਸ਼ਿਆਂ ਦੇ ਦਰਿਆ ਨੇ ਡਕਾਰ ਲਏ।
ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੇ ਪੈਰ ਵੀ ਨਸ਼ਿਆਂ ਦੇ ਦਲਦਲ ਚ ਫਸੇ
ਜ਼ਿਲ੍ਹਾ ਬਠਿੰਡਾ ਤੋਂ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਕੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਕੁੜੀ ਨੂੰ 15 ਦਿਨ ਪਹਿਲਾਂ ਸਹਾਰਾ ਜਨ ਸੇਵਾ ਸੰਸਥਾ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਗੰਭੀਰ ਹਾਲਤ ਦੇ ਚੱਲਦਿਆਂ ਜੋਤੀ ਨਾਂ ਦੀ ਕੁੜੀ ਬੀਤੇ ਮੰਗਲਵਾਰ ਨੂੰ ਮੌਤ ਹੋ ਗਈ।