ਚੰਡੀਗੜ੍ਹ: ਬਿਹਾਰ ਦੇ ਇੱਕ ਹਿੰਦੂ ਜੋੜੇ ਅਤੇ ਕਸ਼ਮੀਰ ਦੇ ਮੁਸਲਿਮ ਜੋੜੇ ਨੇ ਇੱਕ-ਦੂਜੇ ਨੂੰ ਕਿਡਨੀ ਦੇ ਕੇ ਨਵੀਂ ਜ਼ਿੰਦਗੀ ਦਿੱਤੀ ਹੈ।
ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਕਰੇਰੀ ਪਿੰਡ ਦੇ 53 ਸਾਲਾ ਅਬਦੁਲ ਅਜੀਜ ਨਜ਼ਰ ਕਿਡਨੀ ਸਟੋਨ ਬਿਮਾਰੀ ਕਾਰਨ ਆਪਣੀ ਦੋਵੇਂ ਕਿਡਨੀਆਂ ਗਵਾ ਬੈਠੇ ਸਨ। ਪੇਸ਼ੇ ਤੋਂ ਕਾਰਪੇਂਟਰ ਅਬਦੁਲ ਪਿਛਲੇ ਕੀ ਸਾਲਾਂ ਤੋਂ ਇਸ ਬਿਮਾਰੀ ਨਾਲ ਲੜ ਰਹੇ ਸਨ ਅਤੇ ਉਨ੍ਹਾਂ ਨੂੰ ਕਿਡਨੀ ਦਾਨ ਕਰਨ ਵਾਲੇ ਦੀ ਭਾਲ ਸੀ।
ਦੂਜੇ ਪਾਸੇ ਬਿਹਾਰ ਦੇ ਰਹਿਣ ਵਾਲੇ ਸੁਜੀਤ ਕੁਮਾਰ ਸਿੰਘ ਵੀ ਆਪਣੀ ਪਤਨੀ ਮੰਜੁਲਾ ਦੇਵੀ ਲਈ ਕਿਡਨੀ ਡੋਨਰ ਦੀ ਭਾਲ 'ਚ ਸਨ। ਇਨ੍ਹਾਂ ਦੋਹਾਂ ਪਰਿਵਾਰਾਂ ਨੇ ਕਿਡਨੀ ਲਈ ਇੱਕ ਮੋਬਾਇਲ ਐਪਲੀਕੇਸ਼ਨ ਰਾਹੀਂ ਆਪਣੇ ਨਾਂਅ ਰਜਿਸਟਰ ਕਰਵਾਏ। ਮੁਹਾਲੀ 'ਚ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਜਦੋਂ ਦੋਹਾਂ ਦੇ ਰਿਕਾਰਡ ਦੇਖੇ ਤਾਂ ਇਹ ਪਤਾ ਲੱਗਾ ਕਿ ਉਹ ਇੱਕ-ਦੂਜੇ ਨੂੰ ਕਿਡਨੀ ਦੇ ਸਕਦੇ ਹਨ।
ਡਾਕਟਰਾਂ ਦੀ ਸਲਾਹ 'ਤੇ ਸੁਜੀਤ ਕੁਮਾਰ ਸਿੰਘ, ਅਬਦੁਲ ਅਜੀਜ ਨਜ਼ਰ ਨੂੰ ਆਪਣੀ ਕਿਡਨੀ ਦੇਣ ਲਈ ਤਿਆਰ ਹੋ ਗਏ। ਇਸ ਦੇ ਬਦਲੇ ਅਬਦੁਲ ਦੀ ਪਤਨੀ ਸ਼ਾਜੀਆ ਬੇਗ਼ਮ ਨੇ ਆਪਣੀ ਕਿਡਨੀ ਸੁਜੀਤ ਦੀ ਪਤਨੀ ਨੂੰ ਦੇਣ ਲਈ ਹਾਮੀ ਭਰ ਦਿੱਤੀ।
ਦੋਹਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਤਿੰਨ ਦਸੰਬਰ 2018 ਨੂੰ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਪਰ ਇਹ ਇੰਨਾ ਆਸਾਨ ਕੰਮ ਨਹੀਂ ਸੀ। ਫਿਰ ਵੀ ਡਾਕਟਰਾਂ ਨੇ ਪੂਰਾ ਜ਼ੋਰ ਲਗਾ ਕੇ ਦੋਨਾਂ ਨੂੰ ਸਵੈਪ ਕਿਡਨੀ ਟ੍ਰਾਂਸਪਲਾਂਟ ਰਾਹੀਂ ਕਿਡਨੀ ਲਗਾ ਦਿੱਤੀ।