ਬਠਿੰਡਾ: ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਉੱਥੇ ਹੀ ਕਈ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਕੋਰੋਨਾ ਕਾਰਨ ਜਿਸ ਵੀ ਮਰੀਜ਼ ਦੀ ਮੌਤ ਹੁੰਦੀ ਹੈ ਉਸ ਦਾ ਅੰਤਿਮ ਸਸਕਾਰ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਕਰ ਰਹੀ ਹੈ।
ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ 30 ਤੋਂ ਜ਼ਿਆਦਾ ਅਜਿਹੇ ਵਿਅਕਤੀਆਂ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ, ਜਿਨ੍ਹਾਂ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਈ ਸੀ। ਸੋਨੂੰ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੁਧਿਆਣਾ, ਪਟਿਆਲਾ ਅਤੇ ਫਰੀਦਕੋਟ ਤੋਂ ਵੀ ਮ੍ਰਿਤਕ ਦੇਹਾਂ ਬਠਿੰਡਾ ਲੈ ਕੇ ਆਉਂਦੇ ਹਨ ਅਤੇ ਉਸ ਦਾ ਅੰਤਿਮ ਸਸਕਾਰ ਰਾਮਬਾਗ ਵਿਖੇ ਕੀਤਾ ਜਾਂਦਾ ਹੈ।
ਸੁਸਾਇਟੀ ਦੇ ਪ੍ਰਧਾਨ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪੀਪੀਈ ਕਿੱਟ ਪਾ ਕੇ ਹੀ ਮ੍ਰਿਤਕ ਦਾ ਅੰਤਿਮ ਸਸਕਾਰ ਕਰਦੇ ਹਨ। ਉਨ੍ਹਾਂ ਦੇ ਸਾਰੇ ਹੀ ਵਲੰਟੀਅਰ ਦਿਲੋਂ ਸੁਸਾਇਟੀ ਨਾਲ ਜੁੜੇ ਹੋਏ ਹਨ, ਇਸ ਕਰਕੇ ਕੋਈ ਵੀ ਮੈਂਬਰ ਇਸ ਤੋਂ ਨਹੀਂ ਡਰਦਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਦਾ ਕੋਰੋਨਾ ਵਾਇਰਸ ਫੈਲਿਆ ਹੈ, ਉਸ ਦਿਨ ਤੋਂ ਉਨ੍ਹਾਂ ਦੀ ਸੁਸਾਇਟੀ ਸਮਾਜ ਸੇਵਾ ਦੇ ਕੰਮ ਵਿੱਚ ਜੁਟੀ ਹੋਈ ਹੈ। ਬਾਕਾਇਦਾ ਕੁਆਰਨਟੀਨ ਸੈਂਟਰ ਅਤੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਮਰੀਜ਼ਾਂ ਨੂੰ ਖਾਣਾ ਵੀ ਸੰਸਥਾ ਵੱਲੋਂ ਪ੍ਰਦਾਨ ਕਰਵਾਇਆ ਜਾਂਦਾ ਹੈ। ਵਰਕਰ ਹਰ ਸਮੇਂ ਸਮਾਜ ਸੇਵਾ ਵਾਸਤੇ ਤਿਆਰ ਰਹਿੰਦੇ ਹਨ।
ਸੋਨੂੰ ਨੇ ਦੱਸਿਆ ਕਿ ਜਦੋਂ ਵੀ ਕਿਸੇ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਂਦਾ ਹੈ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਟੀਮ ਵੀ ਮੌਕੇ 'ਤੇ ਮੌਜੂਦ ਰਹਿੰਦੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਇਸ ਨੇਕ ਕੰਮ ਤੋਂ ਪਿੱਛੇ ਹਟਣ ਵਾਸਤੇ ਨਹੀਂ ਕਹਿੰਦੇ ਹਨ।