ਬਠਿੰਡਾ: ਬੀਤੀ 5 ਸਤੰਬਰ ਨੂੰ ਠੰਢੀ ਸੜਕ ਉੱਤੇ ਯੂਥ ਅਕਾਲੀ ਆਗੂ ਸੁਖਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ ਦੋਸ਼ੀ ਸੰਜੇ ਠਾਕੁਰ ਨੂੰ ਪਿੰਡ ਜੈ ਸਿੰਘ ਵਾਲਾ ਦੇ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਪਾਸੋਂ ਤੀਹ ਹਜ਼ਾਰ ਰੁਪਏ ਦੀ ਰਕਮ ਅਤੇ ਮ੍ਰਿਤਕ ਸੁਖਮਨਪ੍ਰੀਤ ਸਿੰਘ ਦੀ ਲਾਇਸੰਸੀ ਪਿਸਤੌਲ ਜ਼ਬਤ ਕਰ ਲਈ ਹੈ।
ਐਸਐਸਪੀ ਭੁਪਿੰਦਰ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਇਹ ਕਤਲ ਫਾਇਨਾਂਸ ਦੇ ਪੈਸਿਆਂ ਲਈ ਕੀਤਾ ਗਿਆ ਹੈ। ਮੁਲਜ਼ਮ ਸੰਜੇ ਠਾਕੁਰ, ਜੋ ਫਾਇਨਾਂਸ ਦਾ ਕੰਮ ਕਰਦਾ ਹੈ, ਨੇ ਸੁਖਮਨਪ੍ਰੀਤ ਸਿੰਘ ਨੂੰ 3 ਲੱਖ ਰੁਪਏ ਦਿੱਤੇ ਸਨ। ਸੁਖਮਨਪ੍ਰੀਤ ਸਿੰਘ ਇਹ ਰਕਮ ਲੰਮੇ ਸਮੇਂ ਪਿੱਛੋ ਵੀ ਵਾਪਸ ਨਹੀਂ ਕਰ ਰਿਹਾ ਸੀ।
ਘਟਨਾ ਵਾਲੇ ਦਿਨ ਸੁਖਮਨਪ੍ਰੀਤ ਸਿੰਘ ਨੇ ਘਰੋਂ 40 ਹਜ਼ਾਰ ਰੁਪਏ ਅਤੇ ਅਸਲਾ ਪਿਸਤੌਲ ਲੈ ਕੇ ਸੰਜੇ ਠਾਕੁਰ ਨੂੰ ਬਠਿੰਡਾ ਦੀ ਠੰਢੀ ਸੜਕ 'ਤੇ ਮਿਲਿਆ। ਇਥੇ ਦੋਵਾਂ ਵਿੱਚ ਤਕਰਾਰ ਹੋ ਗਈ, ਜਿਸ ਦੌਰਾਨ ਸੰਜੇ ਠਾਕੁਰ ਨੇ ਸੁਖਮਨਪ੍ਰੀਤ ਸਿੰਘ ਦੀ ਲਾਇਸੰਸੀ ਪਿਸਤੌਲ ਨਾਲ ਉਸ ਨੂੰ ਗੋਲੀ ਮਾਰ ਦਿੱਤੀ।
ਐਸਐਸਪੀ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਵਿੱਚ ਮੁਲਜ਼ਮ ਸੰਜੇ ਠਾਕੁਰ ਨੇ ਕਿਹਾ ਹੈ ਕਿ ਘਟਨਾ ਸਮੇਂ ਸੁਖਮਨਪ੍ਰੀਤ ਨੇ ਉਸ ਨੂੰ ਲਾਇਸੰਸੀ ਪਿਸਤੌਲ ਨਾਲ ਮਾਰਨ ਦੀ ਧਮਕੀ ਦਿੱਤੀ। ਤਕਰਾਰ ਪਿੱਛੋਂ ਸੁਖਮਨਪ੍ਰੀਤ ਨੇ ਉਸਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਆਪਣਾ ਬਚਾਅ ਕਰਦੇ ਹੋਏ ਉਸਨੇ ਸੁਖਮਨਪ੍ਰੀਤ ਤੋਂ ਉਸਦੀ ਪਿਸਤੌਲ ਖੋਹ ਕੇ ਚਲਾ ਦਿੱਤੀ।
ਐਸਐਸਪੀ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਹਾਲਾਂਕਿ ਸੰਜੇ ਠਾਕੁਰ 'ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਸਗੋਂ ਮ੍ਰਿਤਕ ਸੁਖਮਨਪ੍ਰੀਤ ਸਿੰਘ ਵਿਰੁੱਧ ਪਹਿਲਾਂ ਤੋਂ ਹੀ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਫਿਲਹਾਲ ਸੰਜੇ ਠਾਕੁਰ 'ਤੇ 302, 382 ਦੀ ਧਾਰਾ ਤਹਿਤ ਕੇਸ ਦਰਜ ਕਰ ਕੀਤਾ ਗਿਆ ਹੈ। ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ।