ਬਠਿੰਡਾ: ਸਵੱਛਤਾ ਸਰਵੇਖਣ ਮੁਹਿੰਮ ਦੇ ਤਹਿਤ ਕੀ ਇਸ ਵਾਰ ਬਠਿੰਡਾ ਪਹਿਲੇ ਨੰਬਰ ’ਤੇ ਰਹੇਗਾ? ਫ਼ਿਲਹਾਲ ਇਸ ਬਾਰੇ ਕੁੱਝ ਕਹਿਣਾ ਤਾਂ ਬਹੁਤ ਹੀ ਔਖਾ ਹੈ।
ਤੁਹਾਨੂੰ ਦੱਸ ਦਈਏ ਕਿ ਬਠਿੰਡਾ ਮਾਲਵੇ ਦਾ ਇਕੋ-ਇੱਕ ਅਜਿਹਾ ਸ਼ਹਿਰ ਹੈ ਜੋ ਕਿ ਪੂਰੀ ਤਰ੍ਹਾਂ ਕੂੜੇ ਦੇ ਢੇਰਾਂ ਤੋਂ ਮੁਕਤ ਹੈ।
ਸਫ਼ਾਈ ਕਰਮਚਾਰੀਆਂ ਦੀ ਮੰਨੀਏ ਤਾਂ ਸ਼ਹਿਰ ਦੇ ਵਿੱਚ ਕੂੜੇ-ਕਰਕਟ ਨੂੰ ਕਿਸੇ ਵੀ ਖੁੱਲ੍ਹੀ ਥਾਂ ਉੱਤੇ ਨਹੀਂ ਸੁੱਟਿਆ ਜਾਂਦਾ, ਬਕਾਇਦਾ ਨਗਰ ਨਿਗਮ ਵੱਲੋਂ ਕੂੜਾ ਚੁੱਕਣ ਵਾਸਤੇ ਘਰ-ਘਰ ਤੱਕ ਗੱਡੀਆਂ ਦੀ ਪਹੁੰਚ ਦਾ ਪ੍ਰਬੰਧ ਕੀਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਵੱਛਤਾ ਅਭਿਆਨ ਦੇ ਤਹਿਤ ਬਠਿੰਡਾ ਲਗਾਤਾਰ 3 ਵਾਰ ਪਹਿਲੇ ਨੰਬਰ ਉੱਤੇ ਰਿਹਾ ਹੈ ਅਤੇ ਇਸ ਵਾਰ ਵੀ ਨਗਰ ਨਿਗਮ ਵੱਲੋਂ ਸਵੱਛਤਾ ਭਾਰਤ ਅਭਿਆਨ-2021 ਵਿੱਚ ਜ਼ੋਰ-ਸ਼ੋਰ ਨਾਲ ਹਿੱਸਾ ਲਿਆ ਜਾ ਰਿਹਾ ਹੈ।
ਪਰ ਜਦੋਂ ਈਟੀਵੀ ਭਾਰਤ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਪਾਇਆ ਕਿ ਸ਼ਹਿਰ ਵਿੱਚ ਕਈ ਖੁੱਲ੍ਹੀਆਂ ਥਾਵਾਂ ਉੱਤੇ ਸ਼ਰੇਆਮ ਲੋਕਾਂ ਵੱਲੋਂ ਕੂੜਾ ਸੁੱਟਿਆ ਗਿਆ ਹੈ ਅਤੇ ਸ਼ਹਿਰ ਦੇ ਪੋਸ਼ ਇਲਾਕਿਆਂ ਵਿੱਚ ਕੂੜਾ-ਕਰਕਟ ਖਿੱਲਰਿਆ ਹੋਇਆ ਹੈ।
ਈਟੀਵੀ ਭਾਰਤ ਨੇ ਸਵੱਛਤਾ ਭਾਰਤ ਅਭਿਆਨ-2021 ਵਿੱਚ ਬਠਿੰਡਾ ਵੱਲੋਂ ਹਿੱਸਾ ਲਏ ਜਾਣ ਬਾਰੇ ਜਦੋਂ ਨਗਰ ਨਿਗਮ ਅਧਿਕਾਰੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਕਿਸੇ ਕਾਰਨ ਕਰ ਕੇ ਸੰਪਰਕ ਨਹੀਂ ਹੋ ਸਕਿਆ।
ਪਰ ਜਿਸ ਤਰ੍ਹਾਂ ਸ਼ਹਿਰ ਦੇ ਆਲੇ-ਦੁਆਲੇ ਅਤੇ ਖੁੱਲ੍ਹੀਆਂ ਥਾਵਾਂ ਉੱਤੇ ਲੋਕਾਂ ਵੱਲੋਂ ਸ਼ਰੇਆਮ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਦੇ ਨਗਰ ਨਿਗਮ ਦੇ ਪ੍ਰਬੰਧ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਬਠਿੰਡਾਂ ਦਾ ਪਹਿਲੇ ਸਥਾਨ ਉੱਤੇ ਤਾਂ ਦੂਰ ਕਿਸੇ ਹੋਰ ਹੇਠਲੇ ਸਥਾਨ ਉੱਤੇ ਆਉਣਾ ਵੀ ਬਹੁਤ ਮੁਸ਼ਕਿਲ ਹੈ।