ਬਠਿੰਡਾ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਲਈ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਮਨਪ੍ਰੀਤ ਬਾਦਲ ਦੇ ਇੰਨੀ ਮਗਰ ਲੱਗੀ ਹੋਈ ਹੈ ਕਿ ਬੀਤੇ ਦਿਨ ਬਠਿੰਡਾ 'ਚ ਉਸ ਦੀ ਭਾਲ ਕਰਦੇ ਹੋਏ ਉਸ ਦੇ ਹਮਸ਼ਕਲ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਜਦੋਂ ਪੁਲਿਸ ਨੇ ਉਕਤ ਵਿਅਕਤੀ ਦੀ ਕਾਰ ਨੂੰ ਰੋਕ ਕੇ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਉਹ ਬਠਿੰਡਾ ਦੇ ਕਿਸੇ ਪਿੰਡ ਦਾ ਸਰਪੰਚ ਹੈ, ਮਨਪ੍ਰੀਤ ਬਾਦਲ ਨਹੀਂ। ਉਥੋਂ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ।
ਤਿੰਨ ਦਿਨ ਪਹਿਲਾਂ ਦੀ ਘਟਨਾ: ਜਾਣਕਾਰੀ ਮੁਤਾਬਿਕ, ਸਾਬਕਾ ਵਿੱਤ ਮੰਤਰੀ ਤੇ ਭਾਜਪਾ ਨੇਤਾ ਮਨਪ੍ਰੀਤ ਬਾਦਲ ਦੀ ਤਲਾਸ਼ ਲਈ ਵਿਜੀਲੈਂਸ ਵਲੋਂ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀਤੇ ਦਿਨ ਟੀਮ ਨੂੰ ਸੂਚਨਾ ਮਿਲੀ ਕਿ ਬਠਿੰਡਾ ਦੇ ਪਿੰਡ ਗੁਰੂਸਰ ਵਿੱਚ ਮਨਪ੍ਰੀਤ ਬਾਦਲ ਦੇ ਮੌਜੂਦ ਹੋਣ ਦਾ ਸ਼ੱਕ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ਉੱਤੇ ਰੇਡ ਕੀਤੀ ਅਤੇ ਇੱਕ ਬੋਲੇਰੋ ਗੱਡੀ ਵਿੱਚ ਸਵਾਰ ਵਿਅਕਤੀ ਨੂੰ ਰੋਕਿਆ। ਜਦੋਂ ਗੱਡੀ ਦੀ ਤਲਾਸ਼ੀ ਲਈ, ਤਾਂ ਗੱਡੀ ਵਿੱਚ ਪਿੰਡ ਦਾ ਸਰਪੰਚ ਬੇਅੰਤ ਸਿੰਘ ਬੈਠਾ ਸੀ। ਇਸ ਘਟਨਾ 2 ਤੋਂ 3 ਦਿਨ ਪੁਰਾਣੀ ਹੈ, ਹਾਲਾਂਕਿ ਇਸ ਬਾਰੇ ਪੁਲਿਸ ਵਲੋਂ ਬਿਆਨ ਨਹੀਂ ਦਿੱਤਾ ਗਿਆ ਹੈ।
ਕਈ ਰਾਜਾਂ ਵਿੱਚ ਛਾਪੇਮਾਰੀ: ਬਠਿੰਡਾ ਵਿੱਚ ਇੱਕ ਸੰਪਤੀ ਦੀ ਖਰੀਦ ਵਿੱਚ ਕਥਿਤ ਘਪਲੇਬਾਜ਼ੀ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਮਨਪ੍ਰੀਤ ਬਾਦਲ ਦਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਤੇ ਪੰਜਾਬ ਵਿਜੀਲੈਂਸ ਦੀ ਟੀਮ ਮਨਪ੍ਰੀਤ ਬਾਦਲ ਦੀ ਭਾਲ ਵਿੱਚ ਜੁੱਟ ਗਈ ਹੈ। ਮਨਪ੍ਰੀਤ ਬਾਦਲ ਦੀ ਭਾਲ ਲਈ ਨਾ ਸਿਰਫ਼ ਪੰਜਾਬ, ਬਲਕਿ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਰਾਜਸਥਾਨ, ਹਰਿਆਣਾ ਅਤੇ ਉੱਤਰਾਖੰਡ ਵਿੱਚ ਵੀ ਛਾਪੇ ਮਾਰੀ ਕੀਤੀ ਜਾ ਰਹੀ ਹੈ। ਪਰ, ਅਜੇ ਤੱਕ ਮਨਪ੍ਰੀਤ ਬਾਦਲ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਹਾਲਾਕਿ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਪਰ ਇਹ ਖਬਰ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।