ਬਠਿੰਡਾ: ਨਗਰ ਨਿਗਮ ਦੇ ਜੌਗਰ ਪਾਰਕ ’ਚ ਟੋਆ ਪੱਟ ਕੇ ਆਟਾ ਦੱਬਣ ਦੇ ਮਾਮਲੇ ਵਿੱਚ ਅਕਾਲੀ ਦਲ ਨੇ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅਸਲ ’ਚ ਅਕਾਲੀ ਦਲ ਨੇ ਜਨਤਕ ਤੌਰ 'ਤੇ ਇਸ ਮਾਮਲੇ ਨੂੰ ਸਾਹਮਣੇ ਲਿਆ ਕੇ ਆਪਣਾ ਫਰਜ਼ ਨਿਭਾਇਆ ਹੈ ਪਰ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਉੱਤੇ ਦਹਿਸ਼ਤ ਪਾਉਣ ਲਈ ਕੇਸ ਦਰਜ ਕਰਵਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਅਤੇ ਮੰਦਭਾਗੀ ਗੱਲ ਹੈ ਕਿ ਲੌਕਡਾਊਨ ਦੌਰਾਨ ਕੇਂਦਰ ਸਰਕਾਰ, ਦਾਨੀ ਸੱਜਣਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਗ਼ਰੀਬਾਂ ਦੀ ਮਦਦ ਲਈ ਰਾਸ਼ਨ ਇਕੱਠਾ ਕੀਤਾ ਸੀ। ਉਸ ਰਾਸ਼ਨ ਨੂੰ ਗਰੀਬਾਂ ਵਿੱਚ ਵੰਡਣ ਦੀ ਬਜਾਏ ਕਾਂਗਰਸੀ ਆਗੂਆਂ ਦੇ ਕਥਿਤ ਇਸ਼ਾਰੇ ਉੱਤੇ ਮੁਲਜ਼ਮਾਂ ਨੇ ਰੋਜ਼ ਗਾਰਡਨ ਕੋਲ ਨਗਰ ਨਿਗਮ ਦੀ ਕਲੋਨੀ ਵਿੱਚ ਸਥਿਤ ਮੇਅਰ ਦੀ ਸਰਕਾਰੀ ਰਿਹਾਇਸ਼ ਵਿੱਚ ਜਮਾਂ ਕਰ ਦਿੱਤਾ।
ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਆਗੂਆਂ ਨੇ ਆਪਣਾ ਰਾਸ਼ਨ ਕਹਿ ਕੇ ਵੰਡਣਾ ਸੀ ਪ੍ਰੰਤੂ ਜ਼ਿਆਦਾ ਸਮਾਂ ਪਿਆ ਹੋਣ ਕਾਰਨ ਇਹ ਖ਼ਰਾਬ ਹੋ ਗਿਆ। ਉਨ੍ਹਾਂ ਆਖਿਆ ਕਿ ਪੜਤਾਲ ਉਪਰੰਤ ਜੋ ਵੀ ਤੱਥ ਸਾਹਮਣੇ ਆਉਣ ਉਨ੍ਹਾਂ ਦੇ ਅਧਾਰ ਉੱਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਨਿਰਮਲ ਸਿੰਘ ਸੰਧੂ ਮਾਨਸਾ ਵਿੱਚ ਸਨ ਫਿਰ ਵੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਚਮਕੌਰ ਮਾਨ ਨਿਰਮਲ ਸਿੰਘ ਸੰਧੂ ਅਤੇ ਰਾਜਦੀਪ ਸਿੰਘ ਉੱਤੇ ਦਰਜ ਕੇਸ ਰੱਦ ਨਾ ਹੋਇਆ ਤਾਂ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।