ਬਠਿੰਡਾ: ਲੱਦਾਖ਼ ਦੇ ਨਜ਼ਦੀਕ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਦੇਸ਼ ਦੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਅੱਜ ਪੂਰਾ ਦੇਸ਼ ਸੋਗ ਮਨਾ ਰਿਹਾ ਅਤੇ ਚੀਨ ਦੀ ਇਸ ਹਰਕਤ ਤੇ ਦੇਸ਼ ਵਾਸੀਆਂ ਵਿੱਚ ਕਾਫ਼ੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਸ ਨੂੰ ਲੈ ਕੇ ਬਠਿੰਡਾ ਦੇ ਫ਼ਾਇਰ ਬ੍ਰਿਗੇਡ ਚੌਕ ਵਿੱਚ ਸ਼ਿਵ ਸੈਨਾ ਪੰਜਾਬ ਵੱਲੋਂ ਚੀਨ ਦੇ ਝੰਡੇ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਤਸਵੀਰਾਂ ਸਾੜੀਆਂ ਗਈਆਂ ਅਤੇ ਚੀਨ ਦੇ ਵਿਰੁੱਧ ਨਾਅਰੇ ਵੀ ਲਗਾਏ ਗਏ। ਚੀਨ ਦੀ ਇਸ ਹਰਕਤ 'ਤੇ ਨਾਰਾਜ਼ ਲੋਕਾਂ ਨੇ ਵੀ ਇਸ ਰੋਸ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਉਪ ਪ੍ਰਧਾਨ ਅੰਕੁਰ ਗਰਗ ਨੇ ਚੀਨ ਦੀ ਇਸ ਮਾੜੀ ਹਰਕਤ 'ਤੇ ਆਪਣਾ ਰੋਸ ਜ਼ਾਹਰ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਛੇਤੀ ਤੋਂ ਛੇਤੀ ਚੀਨ ਦੀ ਇਸ ਹਰਕਤ ਦਾ ਜਵਾਬ ਦਿੱਤਾ ਜਾਵੇ। ਇਸ ਦੇ ਨਾਲ ਹੀ ਦੇਸ਼ ਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਚੀਨ ਦੇ ਬਣੇ ਸਮਾਨ ਦਾ ਬਾਈਕਾਟ ਕਰਨ ਤਾਂ ਜੋ ਆਰਥਿਕ ਪੱਖ ਤੋਂ ਵੀ ਚੀਨ ਨੂੰ ਸਾਡੇ ਦੇਸ਼ ਵਾਸੀ ਸਬਕ ਸਿਖਾ ਸਕਣ।
ਸ਼ਿਵ ਸੈਨਾ ਦੇ ਵੱਲੋਂ ਚਾਈਨਾ ਮੇਡ ਮੋਬਾਇਲ ਨੂੰ ਪਹਿਲਾਂ ਤੋੜਿਆ ਗਿਆ ਫਿਰ ਅੱਗ ਵਿੱਚ ਮਚਾਇਆ ਗਿਆ। ਸ਼ਿਵ ਸੈਨਾ ਪੰਜਾਬ ਦੇ ਨੈਸ਼ਨਲ ਅਡਵਾਈਜ਼ਰ ਸਤਿੰਦਰ ਕੁਮਾਰ ਨੇ ਚੀਨ ਤੋਂ ਬਣ ਕੇ ਆਉਣ ਵਾਲੇ ਸਾਮਾਨ ਨੂੰ ਸਰਕਾਰਾਂ ਵੱਲੋਂ ਬੈਨ ਕੀਤਾ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਟਿਕ ਟੌਕ ਵਰਗੀਆਂ ਚਾਈਨੀਜ਼ ਐਪ ਨੂੰ ਵੀ ਆਪਣੇ ਫੋਨ ਵਿੱਚੋਂ ਹਟਾਉਣਾ ਚਾਹੀਦਾ ਹੈ ਤੇ ਚਾਈਨੀਜ਼ ਫੋਨ ਨੂੰ ਖ਼ਰੀਦਣਾ ਬੰਦ ਕਰਨਾ ਚਾਹੀਦਾ ਹੈ। ਇਸ ਤਰੀਕੇ ਨਾਲ ਤਮਾਮ ਦੇਸ਼ ਵਾਸੀ ਚੀਨ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਬਣਾਉਣ ਤੋਂ ਗੁਰੇਜ਼ ਕਰਨ ਜਿਨ੍ਹਾਂ ਨੇ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਸ਼ਹੀਦ ਕੀਤਾ ਹੈ।