ਬਠਿੰਡਾ: ਅੱਜ ਮਨੁੱਖ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਸਿਹਤ ਸਹੂਲਤਾਂ ਅਤੇ ਸਿੱਖਿਆ ਹੈ। ਬਠਿੰਡਾ ਬਰਨਾਲਾ ਜ਼ਿਲ੍ਹੇ ਦੀ ਹੱਦ ’ਤੇ ਪਿੰਡ ਬੱਲੋ ਦੇ ਲੋਕਾਂ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਸਿਹਤ ਸਹੂਲਤਾਂ ਲਈ ਜਿੱਥੇ 75 ਲੱਖ ਲਗਾ ਕੇ ਨਵੇਂ ਹਸਪਤਾਲ ਦੀ ਉਸਾਰੀ ਕਰਵਾਈ ਉੱਥੇ ਹੀ ਬੱਚਿਆਂ ਲਈ ਉਚੇਰੀ ਸਿੱਖਿਆ ਲਈ ਹਸਪਤਾਲ ਦੇ ਉੱਪਰ ਹੀ ਮਾਡਰਨ ਲਾਇਬਰੇਰੀ ਬਣਾਈ ਗਈ ਹੈ।
ਸੰਸਥਾ ਦਾ ਅਹਿਮ ਉਪਰਾਲਾ: ਪਿੰਡ ਦੇ ਸਾਬਕਾ ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਕਾਰੋਬਾਰੀ ਜੋ ਹੋਰ ਸੂਬਿਆਂ ਵਿੱਚ ਆਪਣਾ ਵੱਡਾ ਕਾਰੋਬਾਰ ਕਰਦੇ ਹਨ ਵੱਲੋਂ ਆਪਣੇ ਤਾਇਆ ਜੀ ਨਾਮ ਉੱਪਰ ਇੱਕ ਸੰਸਥਾ ਬਣਾਈ ਗਈ ਅਤੇ ਪਿੰਡ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਢਹਿ ਢੇਰੀ ਹੋ ਚੁੱਕੀ ਸਰਕਾਰੀ ਡਿਸਪੈਂਸਰੀ ਦੀ ਬਿਲਡਿੰਗ ਨੂੰ ਲਗਪਗ 75 ਲੱਖ ਰੁਪਏ ਖਰਚ ਕੇ ਨਵੀਂ ਉਸਾਰੀ ਕਰਵਾਈ ਗਈ।
ਪਿੰਡ ਵਾਸੀਆਂ ਚੰਗੀਆਂ ਸਹੂਲਤ ਦੇਣ ਨੂੰ ਲੈਕੇ ਚੁੱਕਿਆ ਕਦਮ: ਇਸਦੇ ਨਾਲ ਹੀ ਉਨ੍ਹਾਂ ਵੱਲੋਂ ਬੱਚਿਆਂ ਨੂੰ ਸਿੱਖਿਆ ਸਬੰਧੀ ਪ੍ਰੇਰਿਤ ਕਰਨ ਲਈ ਇਸੇ ਸਰਕਾਰੀ ਹਸਪਤਾਲ ਦੇ ਉੱਪਰ ਮਾਡਰਨ ਲਾਇਬਰੇਰੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਤਾਬਾਂ ਅਤੇ ਕੰਪਿਊਟਰ ਦੇ ਨਾਲ ਨਾਲ ਸ਼ਾਂਤ ਮਾਹੌਲ ਹੈ ਦੀ ਉਸਾਰੀ ਕਰਵਾ ਕੇ ਦਿੱਤੀ। ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਜੋ ਕਿ ਅਧਿਆਪਕਾਂ ਦੀ ਕਮੀ ਨਾਲ ਜੂਝ ਰਿਹਾ ਸੀ ਨੇ ਅਧਿਆਪਕ ਆਪਣੇ ਖ਼ਰਚੇ ਉੱਪਰ ਉਪਲੱਬਧ ਕਰਵਾ ਕੇ ਦਿੱਤੇ ਤਾਂ ਜੋ ਬੱਚੇ ਨਿਰਵਿਘਨ ਪੜ੍ਹਾਈ ਕਰ ਸਕਣ।
ਸਰਕਾਰ ਨੂੰ ਅਪੀਲ: ਉਨ੍ਹਾਂ ਦੱਸਿਆ ਕਿ ਜਿੱਥੇ ਸੰਸਥਾ ਵੱਲੋਂ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਗਈ ਉਥੇ ਹੀ ਸਰਕਾਰ ਤੋਂ ਮੰਗ ਕੀਤੀ ਕਿ ਇੱਥੇ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਹੀ ਵੱਡੇ ਕਾਰੋਬਾਰੀ ਵੱਲੋਂ ਇਹ ਉਪਰਾਲਾ ਉਲੀਕਿਆ ਗਿਆ ਹੈ ਤੇ ਪਿੰਡ ਦੀ ਹੀ ਰਹਿਣ ਵਾਲੀ ਇੱਕ ਬੱਚੀ ਜਿਸ ਨੇ ਵਧੀਆ ਅੰਕ ਪ੍ਰਾਪਤ ਕੀਤੇ ਸਨ ਅਤੇ ਉਹ ਯੂ ਪੀ ਐਸ ਈ ਦੀ ਤਿਆਰੀ ਕਰਨਾ ਚਾਹੁੰਦੇ ਸੀ ਪਰ ਘਰੋਂ ਗ਼ਰੀਬ ਹੋਣ ਕਰ ਕੇ ਅੱਗੇ ਪੜ੍ਹਾਈ ਨਹੀਂ ਸੀ ਕਰ ਸਕਦੀ। ਇਸ ਲਈ ਸੰਸਥਾ ਵੱਲੋਂ ਉਸ ਨੂੰ ਦਿੱਲੀ ਉਚੇਰੀ ਸਿੱਖਿਆ ਲਈ ਭੇਜਿਆ ਗਿਆ ਅਤੇ ਉਸ ਦਾ ਸਾਰਾ ਖ਼ਰਚਾ ਚੁੱਕਿਆ ਗਿਆ।
ਸੰਸਥਾ ਦੇ ਹੋਰ ਉਪਰਾਲੇ: ਪਿੰਡ ਵਾਸੀ ਇੰਨ੍ਹਾਂ ਕੰਮਾਂ ਤੋਂ ਜਿੱਥੇ ਖ਼ੁਸ਼ ਨਜ਼ਰ ਆ ਰਹੇ ਹਨ ਉਥੇ ਹੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਆਧੁਨਿਕ ਤਕਨੀਕ ਨਾਲ ਬਣਾਈ ਗਈ ਇਸ ਬਿਲਡਿੰਗ ਨੂੰ ਹੁਣ ਸਟਾਫ ਉਪਲਬਧ ਕਰਾਇਆ ਜਾਵੇ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਪਿੰਡ ਵਿਚ ਵਾਤਾਵਰਨ ਅਤੇ ਪਾਣੀ ਨੂੰ ਦੂਸ਼ਿਤ ਹੋਣ ਬਚਾਉਣ ਲਈ ਵੀ ਸੰਸਥਾ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਪਿੰਡ ਪੰਜਾਬ ਪੂਰੇ ਪੰਜਾਬ ਲਈ ਉਦਾਹਰਣ ਬਣਿਆ ਹੋਇਆ ਹੈ ਜਿੱਥੇ ਇੱਕੋ ਛੱਤ ਥੱਲੇ ਸਿਹਤ ਸਹੂਲਤਾਂ ਅਤੇ ਸਿੱਖਿਆ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪਲਾਸਟਿਕ ਬੈਨ ਖਿਲਾਫ਼ ਕੱਲ੍ਹ ਤੋਂ ਸਰਕਾਰ ਦੀ ਸ਼ੁਰੂ ਹੋਣ ਵਾਲੀ ਮੁਹਿੰਮ ਤੋਂ ਪਹਿਲਾਂ ਕਾਰੋਬਾਰੀਆਂ ਨੇ ਸੁਣਾਇਆ ਆਪਣਾ ਦੁੱਖੜਾ