ਬਠਿੰਡਾ: ਪੰਜਾਬ ਦੇ ਵਿਚ ਪਹਿਲਾਂ ਹੀ ਹਾਲਾਤ ਤਣਾਅਪੂਰਨ ਹਨ। ਜਿਸਨੂੰ ਲੈਕੇ ਪੰਜਾਬ ਪੁਲਿਸ ਵੱਲੋਂ ਮੁਸਤੈਦੀ ਕੀਤੀ ਜਾ ਰਹੀ ਹੈ। ਪਰ ਬਾਵਜੂਦ ਇਸ ਦੇ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿੱਥੇ ਪਿੰਡ ਸਿਵੀਆਂ ਦੇ ਰਹਿਣ ਵਾਲੇ ਨਿਹੰਗ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬਜ਼ੁਰਗ ਸੁਖਦੇਵ ਸਿੰਘ ਸੁੱਖਾ ਬੀਤੀ ਦੇਰ ਰਾਤ ਡਾਲੀ ਇਕੱਠੀ ਕਰਕੇ ਘਰ ਵਾਪਿਸ ਪਰਤ ਰਿਹਾ ਸੀ ਕਿ ਅਚਾਨਕ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ : SIU Raids in Pulwama: SIU ਵੱਲੋਂ ਪੁਲਵਾਮਾ 'ਚ ਲਸ਼ਕਰ ਕਮਾਂਡਰ ਰਿਆਜ਼ ਅਹਿਮਦ ਦੇ ਘਰ ਛਾਪਾ, ਅਹਿਮ ਸੁਰਾਗ ਲੱਗੇ ਹੱਥ
ਨਿਹੰਗ ਨੂੰ ਚੰਗਾ ਨਹੀਂ ਸਮਝਦਾ ਮੁਲਜ਼ਮ: ਉਥੇ ਹੀ ਸੂਚਨਾ ਮਿਲਦੀਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮੌਕੇ 'ਤੇ ਜਾਕੇ ਦੇਖਿਆ ਤਾਂ ਨਿਹੰਗ ਦੀ ਲਾਸ਼ ਲਹੂਲੁਹਾਣ ਹੋਈ ਪਈ ਸੀ। ਜਿਸਨੂੰ ਕਬਜ਼ੇ ਵਿਚ ਲੈ ਲਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਥੇ ਹੀ ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਭੁੱਚੋ ਰਛਪਾਲ ਸਿੰਘ ਨੇ ਦਸਿਆ ਸੁਖਦੇਵ ਸਿੰਘ ਗਜ਼ਾ ਕਰਦਾ ਸੀ। ਜਿਥੇ ਕਿਥੇ ਸੁਖਦੇਵ ਸਿੰਘ ਜਾਂਦਾ ਸੀ ਉਥੇ ਇੱਕ ਮਨਪ੍ਰੀਤ ਸਿੰਘ ਨਾਮਕ ਨੌਜਵਾਨ ਰਹਿੰਦਾ ਸੀ ਜੋ ਕਿ ਨਿਹੰਗ ਨੂੰ ਚੰਗਾ ਨਹੀਂ ਸਮਝਦਾ ਸੀ ਅਤੇ ਉਸ ਉੱਤੇ ਸ਼ੱਕ ਕਰਦਾ ਸੀ। ਇਸੇ ਦੇ ਚੱਲਦੇ ਮਨਪ੍ਰੀਤ ਸਿੰਘ ਨੇ ਸੁਖਦੇਵ ਸਿੰਘ ਦਾ ਤਿੱਖੀ ਚੀਜ਼ ਨਾਲ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀ ਮੁਤਾਬਕ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਉਕਤ ਦੋਸ਼ੀ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਕੋਲੋਂ ਕਤਲ ਵਿਚ ਵਰਤੀ ਗਈ ਕਿਰਚ ਵੀ ਬਰਾਮਦ ਕਰ ਲਈ ਗਈ ਹੈ। ਹੁਣ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿਚ ਪੁੱਛਗਿੱਛ ਕਰੇਗੀ। ਜੋ ਵੀ ਅਗਲੀ ਕਾਰਵਾਈ ਹੋਵੇਗੀ ਉਸ ਨੂੰ ਅਮਲ ਵਿਚ ਲਿਆਉਂਦਾ ਜਾਵੇਗਾ।
ਸੂਬਾ ਸਰਕਾਰ ਸਖਤੀ ਵਰਤ ਰਹੀ: ਜ਼ਿਕਰਯੋਗ ਹੈ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਪਹਿਲਾਂ ਤੋਂ ਹੀ ਸਵਾਲਾਂ ਦੇ ਘੇਰੇ ਵਿਚ ਹੈ। ਉਤੋਂ ਅਜਿਹੀਆਂ ਘਟਨਾਵਾਂ ਸੂਬੇ ਦਾ ਮਾਹੌਲ ਹੋਰ ਵੀ ਚਿੰਤਾ ਵਿਚ ਪਾ ਰਹੀਆਂ ਹਨ। ਅਜਿਹੀਆਂ ਵਾਰਦਾਤਾਂ ਨਿਤ ਦਿਨ ਸ੍ਹਾਮਣੇ ਆ ਰਹੀਆਂ ਹਨ। ਜਿਸਨੂੰ ਵੇਖਦੇ ਹੋਏ ਸੂਬਾ ਸਰਕਾਰ ਸਖਤੀ ਵਰਤ ਰਹੀ ਹੈ ,ਪਰ ਜੋ ਲੋਕ ਨਿਜੀ ਸਾਜਿਸ਼ਾਂ ਰਚਦੇ ਹਨ ਨਿਜੀ ਵੈਰ ਕਢਦੇ ਹੋਏ ਇਕ ਦੂਜੇ ਦਾ ਕਤਲ ਕਰ ਕੇ ਖੂਨ ਵਹਾ ਰਹੇ ਹਨ ਅਜਿਹੇ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ। ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੋਕ ਸੌ ਵਾਰ ਸੋਚਣ।