ਬਠਿੰਡਾ: ਪੰਜਾਬ ਵਿੱਚ ਭਾਵੇਂ ਟਿੱਡੀ ਦਲ ਦੀ ਆਮਦ ਨਹੀਂ ਵੇਖੀ ਗਈ ਹੈ ਪਰ ਪਿੰਡਾਂ ਵਿੱਚ ਇਸ ਦਾ ਵੱਡਾ ਖੌਫ਼ ਬਣਿਆ ਹੋਇਆ ਹੈ। ਇਸ ਟਿੱਡੀ ਦਲ ਦੇ ਹਮਲੇ ਤੋਂ ਬਚਾਅ ਦੇ ਲਈ ਬਠਿੰਡਾ ਖੇਤੀਬਾੜੀ ਵਿਭਾਗ ਵੱਲੋਂ ਆਪਣੀ ਟੀਮ ਸਮੇਤ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿੱਚ ਮੋਕ ਡਰਿੱਲ ਰਾਹੀਂ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਬਠਿੰਡਾ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਪੰਜਾਬ ਦੇ ਵਿੱਚ ਟਿੱਡੀ ਦਲ ਦੀ ਆਮਦ ਨਹੀਂ ਵੇਖੀ ਗਈ ਹੈ ਪਰ ਖੇਤੀਬਾੜੀ ਵਿਭਾਗ ਵੱਲੋਂ ਇਸ ਤੋਂ ਬਚਾਅ ਦੇ ਲਈ ਮੁਕੰਮਲ ਤੌਰ 'ਤੇ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸੇ ਤਿਆਰੀ ਦੇ ਤਹਿਤ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ ਵਿੱਚ ਮੋਕ ਡਰਿਲ ਕੀਤੀ ਗਈ।
ਬਠਿੰਡਾ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਦੀ ਆਮਦ ਹੋਣ 'ਤੇ ਪਿੰਡ ਵਾਸੀ ਪਿੱਪੇ ਖੜਕਾ ਕੇ, ਢੋਲ ਵਜਾ ਕੇ ਅਤੇ ਭਾਂਡੇ ਖੜਕਾ ਕੇ ਵੀ ਇਸ ਟਿੱਡੀ ਦਲ ਨੂੰ ਉਡਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਯੂਪੀਐਲ ਕੰਪਨੀ ਦੀ 50 ਸਪਰੇਅ ਮਸ਼ੀਨਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ।
ਕਿਸਾਨਾਂ ਦੇ ਕੋਲ ਆਪਣੇ ਹੈਂਡ ਸਪਰੇਅ ਪੰਪ ਵੀ ਹਨ, ਗਨ ਪੰਪ 1492 ਜ਼ਿਲ੍ਹੇ ਵਿੱਚ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਵੱਲੋਂ 32 ਗਨ ਸਪਰੇਅ ਪੰਪ ਦਿੱਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੁਸਤੈਦ ਹਨ। ਬਠਿੰਡਾ ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਨੇ ਜ਼ਿਲ੍ਹੇ ਦੇ ਕਿਸੇ ਵੀ ਕਿਸਾਨ ਵੀਰ ਨੂੰ ਸਮੱਸਿਆ ਆਉਣ 'ਤੇ ਹੈਲਪਲਾਈਨ ਨੰਬਰ ਜਾਰੀ ਕਰਦਿਆਂ ਨੋਡਲ ਅਧਿਕਾਰੀ ਡੋਂਗਲ ਸਿੰਘ ਬਰਾੜ 94173-96906 ਇਸ ਦੇ ਨਾਲ ਹੀ ਡਾਕਟਰ ਬਲਜਿੰਦਰ ਸਿੰਘ ਏਡੀਓ 9877533844 ਨੂੰ ਸੰਪਰਕ ਕਰ ਸਕਦੇ ਹਨ।