ਬਠਿੰਡਾ: ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ 'ਚ ਲੌਕਡਾਊਨ ਕੀਤਾ ਗਿਆ ਹੈ ਉੱਥੇ ਹੀ ਪੰਜਾਬ 'ਚ ਕਰਫਿਊ ਲੱਗਿਆ ਹੋਇਆ ਹੈ। ਇੱਕ ਪਾਸੇ ਲੌਕਡਾਊਨ ਦੌਰਾਨ ਲੋਕ ਘਰਾਂ ਦੇ ਅੰਦਰ ਰਹਿਣ ਨੂੰ ਮਜ਼ਬੂਰ ਹਨ ਤੇ ਦੂਜੇ ਪਾਸੇ ਬੇ-ਸਹਾਰਾ ਸਾਧੂ ਸੰਤ ਸੜਕਾਂ 'ਤੇ ਰਹਿਣ ਲਈ ਮਜ਼ਬੂਰ ਹਨ। ਬਠਿੰਡਾ ਸ਼ਹਿਰ 'ਚ ਬੇਸਹਾਰਾ ਸਾਧੂ ਸੰਤਾਂ ਲਈ ਸ਼ੈਲਟਰ ਹੋਮ ਨਾ ਹੋਣ 'ਤੇ ਬੇਸਹਾਰਾ ਸਾਧੂਆਂ ਨੇ ਸੂਬਾ ਸਰਕਾਰ ਤੋਂ ਸ਼ੈਲਟਰ ਹੋਮ ਦੀ ਮੰਗ ਕੀਤੀ ਹੈ।
ਬੇਸਹਾਰਾ ਸਾਧੂਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਹਿਲਾਂ ਸਟੇਸ਼ਨ ਦੇ ਓਵਰਬ੍ਰਿਜ ਦੇ ਨਜ਼ਦੀਕ ਸੜਕਾਂ 'ਤੇ ਬੈਠੇ ਸਨ, ਪਰ ਕਰਫਿਊ ਕਾਰਨ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣ ਰਹੀ ਇੱਕ ਇਮਾਰਤ ਵਿੱਚ ਰਹਿਣ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਦੇ ਰਹਿਣ ਲਈ ਵੀ ਪੁਖ਼ਤੇ ਇੰਤਜ਼ਾਮ ਕੀਤੇ ਗਏ ਸਨ।
ਇਹ ਵੀ ਪੜ੍ਹੋ:ਡਾਕਟਰਾਂ ਨੇ ਪੁਲਿਸ ਮੁਲਾਜ਼ਮਾਂ ਦਾ ਕੀਤਾ ਮੈਡੀਕਲ ਚੈੱਕਅਪ
ਬੀਤੇ ਦਿਨੀਂ ਹੀ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਮਾਰਤ ਵਿੱਚੋਂ ਵਾਪਿਸ ਸੜਕਾਂ 'ਤੇ ਜਾਣ ਲਈ ਕਹਿ ਦਿੱਤਾ ਹੈ ਜਿਸ ਮਗਰੋਂ ਉਹ ਵਾਪਸ ਆਪਣੇ ਸਥਾਨ 'ਤੇ ਜਾ ਰਹੇ ਹਨ। ਹੁਣ ਇਹ ਬੇਸਹਾਰਾ ਸਾਧੂ ਸੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਲਈ ਰਹਿਣ ਲਈ ਰੈਣ ਬਸੇਰਾ ਜਾਂ ਕੋਈ ਹੋਰ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਸਮਾਜ ਸੇਵੀਆਂ ਵੱਲੋਂ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਉਨ੍ਹਾਂ ਨੂੰ ਖਾਣ-ਪੀਣ ਦੀ ਕੋਈ ਸਮੱਸਿਆ ਨਹੀਂ ਹੈ ਸਿਰਫ਼ ਰਹਿਣ ਦੀ ਸਮੱਸਿਆ ਹੈ।