ਬਠਿੰਡਾ: ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਚਰੰਜੀ ਲਾਲ ਗਰਗ ਨੇ ਆਪਣੇ ਖੱਟੇ-ਮਿੱਠੇ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਦਰਵੇਸ਼ ਸਿਆਸਤਦਾਨ ਸਨ। ਜਿਨ੍ਹਾਂ ਵੱਲੋਂ ਪੰਜਾਬ ਵਿੱਚ ਗੁਰੂ ਸਹਿਬਾਨਾਂ ਵੱਲੋਂ ਦਿੱਤੇ ਗਏ ਸਾਂਝੀਵਾਲਤਾ ਦੇ ਉਪਦੇਸ਼ ਨੂੰ ਇੰਨ-ਬਿੰਨ ਲਾਗੂ ਕੀਤਾ ਗਿਆ।
ਬਾਦਲ ਪਰਿਵਾਰ ਨਾਲ ਸਾਂਝ: ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਰਾਜਨੀਤੀ ਵਿੱਚ ਸਰਗਰਮ ਸਨ। ਚਰੰਜੀ ਲਾਲਾ ਗਰਗ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਬਤੌਰ ਕਾਨੂੰਨੀ ਸਲਾਹਕਾਰ ਕੰਮ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਇੱਕ ਪਰਿਵਾਰਕ ਸਾਂਝ ਵੀ ਸੀ। ਉਨ੍ਹਾਂ ਕਿਹਾ ਕਿ ਸੰਤ ਫ਼ਤਹਿ ਸਿੰਘ ਦੇ ਕਹਿਣ ਉੱਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਅਹੁਦਾ ਦਿੱਤਾ ਗਿਆ। ਪੰਜਾਬ ਵਿੱਚ ਕਾਲੇ ਦੌਰ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਘਰ ਹੀ ਰਿਹਾਇਸ਼ ਕੀਤੀ ਜਾਂਦੀ ਸੀ।
ਕੈਬਨਿਟ ਮੰਤਰੀ ਦਾ ਅਹੁਦਾ: ਚਰੰਜੀ ਲਾਲ ਗਰਗ ਨੇ ਅੱਗੇ ਦੱਸਿਆ ਕਿ ਜਿਸ ਸਮੇਂ ਕੋਈ ਵਿਅਕਤੀ ਚੋਣ ਲੜ ਕੇ ਰਾਜ਼ੀ ਨਹੀਂ ਸੀ ਉਸ ਸਮੇਂ ਉਨ੍ਹਾਂ ਵੱਲੋਂ ਅਕਾਲੀ ਦਲ ਦੇ ਉਮੀਦਵਾਰ ਦੀ ਡਟ ਕੇ ਮਦਦ ਕੀਤੀ ਗਈ ਅਤੇ ਉਨ੍ਹਾਂ ਦੇ ਦਫ਼ਤਰ ਦਾ ਕਾਰਜ ਭਾਰ ਸਾਂਭ ਲਿਆ ਗਿਆ ਸੀ। ਇਸ ਬਦਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2002 ਵਿੱਚ ਉਨ੍ਹਾਂ ਨੂੰ ਬਠਿੰਡਾ ਤੋਂ ਵਿਧਾਨ ਸਭਾ ਚੋਣ ਲੜ੍ਹਾਈ ਗਈ ਅਤੇ ਪਹਿਲੀ ਵਾਰ ਯਤਨ ਨਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ।
ਸਟੈਂਡ ਉੱਤੇ ਕਾਇਮ ਰਹੇ ਪ੍ਰਕਾਸ਼ ਸਿੰਘ ਬਾਦਲ: ਉਨ੍ਹਾਂ ਕਿਹਾ ਕਿ ਜਦੋਂ ਐੱਸਜੀਪੀਸੀ ਚੋਣਾਂ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਪਾਣੀਪਤ ਜੇਲ੍ਹ ਜਾਣਾ ਪਿਆ ਸੀ ਅਤੇ ਛੇ ਦਿਨ ਉਹ ਪਾਣੀਪਤ ਦੀ ਜੇਲ੍ਹ ਦੇ ਬਾਹਰ ਟੈਂਟਾਂ ਵਿੱਚ ਰਹੇ ਸਨ। ਜਿਸ ਕਾਰਨ ਪ੍ਰਕਾਸ਼ ਸਿੰਘ ਬਾਦਲ ਦੁਆਰਾ ਉਨ੍ਹਾਂ ਨੂੰ ਇੱਕ ਵਿਸ਼ੇਸ਼ ਸਤਿਕਾਰ ਦਿੱਤਾ ਜਾਂਦਾ ਸੀ। ਉਹਨਾਂ ਮੌਜੂਦਾ ਰਾਜਨੀਤਿਕ ਲੋਕਾਂ ਉੱਤੇ ਵਿਅੰਗ ਕਰਦੇ ਹੋਏ ਕਿਹਾ ਕਿ ਬਹੁਤੇ ਲੋਕ ਰਾਜਨੀਤੀ ਵਿੱਚ ਅਕ੍ਰਿਤਘਣ ਹੋਕ ਜਾਂ ਆਪਣਾ ਫਾਇਦਾ ਸੋਚ ਕੇ ਪਾਰਟੀ ਬਦਲ ਜਾਂਦੇ ਹਨ। ਅਜਿਹੇ ਲੋਕ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਉੱਤੇ ਟਾਈਮ ਭਾਵੇਂ ਮਾੜਾ ਸੀ ਜਾਂ ਚੰਗਾ ਪਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪਾਰਟੀ ਦਾ ਡਟ ਕੇ ਸਾਥ ਦਿੱਤਾ।
ਇਹ ਵੀ ਪੜ੍ਹੋ: ਪਰਕਾਸ਼ ਸਿੰਘ ਬਾਦਲ ਦਾ ਦੇਹਾਂਤ, ਦੇਸ਼ ਵਿੱਚ 2 ਦਿਨ ਦਾ ਰਾਸ਼ਟਰੀ ਸੋਗ, ਪੰਜਾਬ ਵਿੱਚ ਕੱਲ੍ਹ ਰਹੇਗੀ ਸਰਕਾਰੀ ਛੁੱਟੀ