ਬਠਿੰਡਾ: ਸਮਾਜ ਸੇਵੀ ਸੰਸਥਾ ਵੱਲੋਂ ਪ੍ਰਾਈਵੇਟ ਹਸਪਤਾਲ ’ਚ ਸ਼ੁਰੂ ਕੀਤੇ ਜਾ ਰਹੇ ਮੁਫ਼ਤ ਕੋਵਿਡ ਸੈਂਟਰ ਨੂੰ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਾਲੀਆਂ ਪੱਟੀਆਂ ਬੰਨ ਕੇ ਵਿਰੋਧ ਦਰਜ ਕਰਾਇਆ।
ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਮੁਫ਼ਤ ਕੋਵਿਡ ਸੈਂਟਰ ਲਈ ਨਹੀਂ ਮਿਲੀ ਇਜਾਜ਼ਤ
ਇਸ ਮੌਕੇ ਭਾਜਪਾ ਦੇ ਸੈਕਟਰੀ ਸੁਖਪਾਲ ਸਰਾਂ ਨੇ ਕਿਹਾ ਕਿ ਇਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ ਉਥੇ ਹੀ ਪ੍ਰਾਈਵੇਟ ਹਸਪਤਾਲ ਕੋਵਿਡ ਮਰੀਜ਼ਾਂ ਤੋਂ ਇਲਾਜ ਦੇ ਬਹਾਨੇ ਵੱਡੀ ਲੁੱਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ ਇੱਕ ਹਫ਼ਤਾ ਬੀਤਣ ਦੇ ਬਾਵਜੂਦ ਸਮਾਜ ਸੇਵੀ ਸੰਸਥਾ ਵੱਲੋਂ ਸ਼ੁਰੂ ਕੀਤੇ ਜਾ ਰਹੇ ਮੁਫ਼ਤ ਕੋਵਿਡ ਸੈਂਟਰ ਨੂੰ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ’ਚ ਕਿਤੇ ਨਾ ਕਿਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਮਿਲੀ ਮਿਲੀਭੁਗਤ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇਹ ਕੋਵਿਡ ਸੈਂਟਰ ਸ਼ੁਰੂ ਹੋ ਜਾਂਦਾ ਤਾਂ ਬਹੁਤ ਸਾਰੇ ਗ਼ਰੀਬ ਲੋਕਾਂ ਦੀ ਆਰਥਿਕ ਲੁੱਟ ਨਾ ਹੁੰਦੀ।
ਪ੍ਰਦਰਸ਼ਨ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਕੋਵਿਡ ਸੈਂਟਰ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ।
ਪ੍ਰਸ਼ਾਸ਼ਨ ਦੁਆਰਾ ਕੋਵਿਡ ਸੈਂਟਰ ਨੂੰ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਸਮਾਜ ਦੇ ਹਰੇਕ ਵਰਗ ਨੂੰ ਰੋਸ ਪਾਇਆ ਜਾ ਰਿਹਾ ਹੈ। ਇਸ ਹੋ ਰਹੀ ਦੇਰੀ ਲਈ ਬਠਿੰਡਾ ਦੀਆਂ ਕਈ ਸਿਆਸੀ ਅਤੇ ਨਾਮੀ ਹਸਤੀਆਂ ਵੱਲੋਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।