ਬਠਿੰਡਾ: ਜਿੱਥੇ ਦੇਸ਼ ਭਰ ਵਿੱਚ ਲੌਕਡਾਊਨ ਹੋਣ ਕਾਰਨ ਘਰਾਂ ਵਿੱਚ ਬੈਠੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸੜਕਾਂ 'ਤੇ ਬੈਠੇ ਬੇਸਹਾਰਾ ਲੋਕ ਇੱਕ ਸਮੇਂ ਦੀ ਰੋਟੀ ਲਈ ਵੀ ਮੁਹਤਾਜ ਹਨ ਜੋ ਸਿਰਫ਼ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਰਤਾਏ ਜਾ ਰਹੇ ਲੰਗਰ ਦੀ ਉਮੀਦ 'ਤੇ ਬੈਠੇ ਹਨ।
ਮੰਗ ਕੇ ਗੁਜ਼ਾਰਾ ਕਰਨ ਵਾਲੇ ਸੜਕਾਂ 'ਤੇ ਬੈਠੇ ਬੇਸਹਾਰਾ ਲੋਕ ਆਪਣੇ ਪਰਿਵਾਰ ਸਮੇਤ ਲੌਕਡਾਊਨ ਖੁੱਲ੍ਹਣ ਦੀ ਉਮੀਦ 'ਤੇ ਆਪਣਾ ਸਮਾਂ ਬਿਤਾ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਸਰਕਾਰਾਂ ਜਲਦ ਤੋਂ ਜਲਦ ਇਸ ਕੋਰੋਨਾ ਵਾਇਰਸ ਤੋਂ ਨਜਿੱਠ ਕੇ ਆਮ ਦਿਨਾਂ ਵਾਂਗ ਸਮਾਂ ਲਿਆਉਣ ਤਾਂ ਜੋ ਉਹ ਆਪਣੇ ਪਰਿਵਾਰ ਦਾ ਢਿੱਡ ਪਾਲ ਸਕਣ।
ਹਾਲਾਂਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੀ ਸੇਵਾ ਲਗਾਤਾਰ ਨਿਭਾਈ ਜਾ ਰਹੀ ਹੈ ਪਰ ਕਈ ਥਾਵਾਂ 'ਤੇ ਫਿਰ ਵੀ ਲੰਗਰ ਨਾ ਪਹੁੰਚਣ ਕਾਰਨ ਬੇਸਹਾਰਾ ਲੋਕ ਇੱਕ ਸਮੇਂ ਦੀ ਰੋਟੀ ਲਈ ਵੀ ਮੁਹਤਾਜ ਹਨ। ਇਸ ਦੌਰਾਨ ਬਜ਼ੁਰਗ ਮਹਿਲਾ ਜੋ ਆਪਣਾ ਸੜਕ 'ਤੇ ਜੀਵਨ ਬਤੀਤ ਕਰ ਰਹੀ ਹੈ। ਉਸ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਬਠਿੰਡਾ ਵਿੱਚ ਸੜਕਾਂ 'ਤੇ ਰਹਿ ਰਹੀ ਹੈ ਜੇਕਰ ਕੋਈ ਸਮਾਜ ਸੇਵੀ ਲੰਗਰ ਲੈ ਕੇ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਖਾਣਾ ਮਿਲ ਜਾਂਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਹੈ।
ਇਹ ਵੀ ਪੜੋ: ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ
ਬਠਿੰਡਾ ਵਿੱਚ ਰਹਿ ਰਹੇ ਪਰਵਾਸੀ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦਾ ਹੈ ਪਰ ਜਦੋਂ ਦਾ ਲੌਕਡਾਊਨ ਹੋਇਆ ਹੈ ਉਸ ਦੇ ਕਾਰਨ ਉਨ੍ਹਾਂ ਨੂੰ ਕਮਾਈ ਵੀ ਨਹੀਂ ਹੋ ਰਹੀ ਅਤੇ ਨਾ ਹੀ ਕੋਈ ਖਾਣ ਪੀਣ ਦੇ ਲਈ ਸਾਮਾਨ ਮਿਲ ਰਿਹਾ ਹੈ। ਉਸ ਦੇ ਛੋਟੇ-ਛੋਟੇ ਬੱਚੇ ਹਨ ਜੋ ਕਈ ਵਾਰ ਭੁੱਖ ਨਾਲ ਰੋਂਦੇ ਹਨ ਪਰ ਮਜਬੂਰੀ ਹੈ ਕਿ ਉਨ੍ਹਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਕੋਈ ਅਜੇ ਤੱਕ ਰਾਸ਼ਨ ਜਾਂ ਖਾਣ-ਪੀਣ ਦੀ ਵਿਵਸਥਾ ਨਹੀਂ ਕੀਤੀ ਗਈ ਹੈ।