ਬਠਿੰਡਾ: ਪੰਜਾਬ ਭਰ ਵਿੱਚ ਅੱਜ ਸਰਕਾਰੀ ਡਾਕਟਰਾਂ ਵੱਲੋਂ ਐਨਪੀਏ ਰੱਦ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ। ਡਾਕਟਰਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਗੁਰਮੇਲ ਸਿੰਘ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸਨ।
ਡਾ. ਗੁਰਮੇਲ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਜੋ ਸਰਕਾਰੀ ਡਾਕਟਰਾਂ ਨੂੰ ਨਾਨ ਪ੍ਰੈਕਟੀਸ਼ਨਰ ਅਲਾਊਂਸ ਭੱਤਾ ਮਿਲ ਰਿਹਾ ਹੈ, ਉਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ, ਇਸਦਾ ਸਾਰੇ ਸਰਕਾਰੀ ਡਾਕਟਰਾਂ ਵੱਲੋਂ ਪੰਜਾਬ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਾਂਗਰਸ ਪਾਰਟੀ ਨੂੰ ਚਿਤਾਵਨੀ ਦਿੰਦਿਆਂ ਹੋਇਆ ਦੱਸਿਆ ਕਿ ਕਾਂਗਰਸ ਸਰਕਾਰ ਨੂੰ ਆਉਣ ਵਾਲੇ ਇਲੈਕਸ਼ਨਾਂ ਵਿੱਚ ਵੀ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨਾਲੋਂ ਤਾਂ ਅਕਾਲੀ ਦਲ ਸਰਕਾਰ ਹੀ ਚੰਗੀ ਸੀ ਜੋ ਕਿਸੇ ਵੀ ਵਿਭਾਗ ਨਾਲ ਧੱਕਾ ਤਾ ਨਹੀਂ ਕਰਦੇ ਸੀ।
ਡਾ. ਗੁਰਮੇਲ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਦੇ ਰੂਪ ਨੂੰ ਤਿੱਖਾ ਕਰਨ ਦੀ ਗੱਲ ਕਹੀ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਸਮੂਹ ਡਾਕਟਰਾਂ ਦਾ ਫੈਸਲਾ ਹੋਵੇਗਾ, ਉਸ ਮੁਤਾਬਕ ਕਾਂਗਰਸ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।