ਬਠਿੰਡਾ: ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ, ਇਸ ਲਈ ਸਿਹਤ ਵਿਭਾਗ ਵਲੋਂ ਇਕ ਵਧੀਆ ਉਪਰਾਲਾ ਕੀਤਾ ਗਿਆ ਹੈ। ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆ ਵਿੱਚ ਟੈਸਟਿੰਗ ਆਨ ਵ੍ਹੀਲਜ਼ ਵੈਨ ਲੋਕਾਂ ਦੇ ਦੁਆਰ ਪਹੁੰਚਾਈ ਜਾ ਰਹੀ ਹੈ। ਇਸ ਵੈਨ ਦਾ ਕੰਮ ਹੈ, ਲੋਕਾਂ ਦੇ ਘਰ ਵਿੱਚ ਵਰਤੋਂ ਹੋਣ ਵਾਲਾ ਪਾਣੀ ਤੋਂ ਲੈ ਕੇ ਹਰ ਚੀਜ਼ ਦੀ ਗੁਣਵੱਤਾ ਚੈਕ ਕਰਨੀ, ਤਾਂ ਜੋ ਸ਼ੁੱਧਤਾ ਲੋਕਾਂ ਤੱਕ ਪਹੁੰਚ ਸਕੇ।
ਕੇਂਦਰ ਸਰਕਾਰ ਨੇ ਭੇਜੀਆਂ 7 ਵੈਨਾਂ: ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਦੇ ਡਾਕਟਰ ਊਸ਼ਾ ਗੋਇਲ ਨੇ ਕਿਹਾ ਕਿ ਇਹ ਟੈਸਟਿੰਗ ਵੈਨ ਲੋਕਾਂ ਦੇ ਘਰਾਂ ਤੱਕ ਪਹੁੰਚਦੀ ਹੈ। ਕਈ ਲੋਕ ਖੁਦ ਵੀ ਫੋਨ ਕਰਕੇ ਸਾਡੇ ਤੱਕ ਪਹੁੰਚ ਕਰਦੇ ਹਨ, ਤਾਂ ਜੋ ਉਨ੍ਹਾਂ ਦੇ ਘਰ ਦਾ ਪਾਣੀ ਆਦਿ ਚੈਕ ਹੋ ਸਕੇ। ਮਾਤਰ 50 ਰੁਪਏ ਵਿੱਚ ਖਾਣ ਅਤੇ ਪੀਣ ਦੀਆਂ ਵਸਤੂਆਂ ਦੇ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ, ਜੋ ਸਿਰਫ਼ ਦੱਸ ਕੁ ਮਿੰਟਾਂ ਦਾ ਕੰਮ ਹੁੰਦਾ ਹੈ। ਜਾਂਚ ਰਿਪੋਰਟ ਵੀ ਉਸੇ ਸਮੇਂ ਦੇ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਜਿਹੀਆਂ 7 ਟੈਸਟਿੰਗ ਆਨ ਵ੍ਹੀਲਜ਼ ਵੈਨ ਭੇਜੀਆਂ ਹਨ।
ਗਲੀਆਂ-ਮੁਹੱਲਿਆਂ 'ਚ ਪਹੁੰਚ ਰਹੀ ਵੈਨ: ਇਕ ਟੈਸਟਿੰਗ ਆਨ ਵ੍ਹੀਲਜ਼ ਵੈਨ ਤਿੰਨ ਜ਼ਿਲ੍ਹਿਆ 'ਚ ਜਾ ਕੇ ਖਾਣ ਅਤੇ ਪੀਣ ਦੀਆਂ ਵਸਤੂਆਂ ਦੀ ਟੈਸਟਿੰਗ ਕਰਦੀ ਹੈ। ਸਿਹਤ ਵਿਭਾਗ ਵੱਲੋਂ ਖਾਣ-ਪੀਣ ਦੀਆਂ ਵਸਤਾਂ ਦੀ ਸ਼ੁੱਧਤਾ ਦੀ ਜਾਂਚ ਲਈ ਫੂਡ ਟੈਸਟਿੰਗ ਆਨ ਵ੍ਹੀਲਜ਼ ਵੈਨ ਸ਼ੁਰੂ ਕੀਤੀ ਗਈ ਹੈ। ਟੈਸਟਿੰਗ ਵੈਨ ਸ਼ਹਿਰ ਦੇ ਬਾਜ਼ਾਰਾਂ, ਗਲੀ ਮੁਹੱਲਿਆਂ 'ਚ ਪਹੁੰਚ ਕੇ ਮੌਕੇ 'ਤੇ ਹੀ ਖਾਣ-ਪੀਣ ਵਾਲੀਆਂ ਵਸਤਾਂ ਦੀ ਸ਼ੁੱਧਤਾ ਦੀ ਜਾਂਚ ਕਰਦੀ ਹੈ। ਕੋਈ ਵੀ ਸਥਾਨਕ ਨਾਗਰਿਕ ਫੂਡ ਟੈਸਟਿੰਗ ਆਨ ਵ੍ਹੀਲਜ਼ ਵੈਨ ਵਿੱਚ ਸਥਾਪਿਤ ਪ੍ਰਯੋਗਸ਼ਾਲਾ ਤੋਂ ਸਿਰਫ਼ 50 ਰੁਪਏ ਦੀ ਫੀਸ ਅਦਾ ਕਰਕੇ ਖਾਣ-ਪੀਣ ਦੀਆਂ ਵਸਤਾਂ ਦੀ ਜਾਂਚ ਕਰਵਾ ਸਕਦਾ ਹੈ।
ਵਸਤੂ ਵਿੱਚ ਗੁਣਵੱਤਾ ਦੀ ਘਾਟ ਆਉਣ 'ਤੇ ਕਾਨੂੰਨੀ ਕਾਰਵਾਈ: ਜ਼ਿਲ੍ਹਾ ਸਿਹਤ ਅਫ਼ਸਰ, ਡਾਕਟਰ ਊਸ਼ਾ ਗੋਇਲ ਨੇ ਦੱਸਿਆ ਕਿ ਸਕੂਲ ਫੂਡ ਟੇਸਟਿੰਗ ਆਨ ਵ੍ਹੀਲਜ਼ ਵੈਨ ਰਾਹੀਂ ਫੂਡ ਟੈਸਟਿੰਗ ਆਨ ਵ੍ਹੀਲਜ਼ ਵੈਨ ਵਿੱਚ ਦੁੱਧ, ਪਨੀਰ, ਮਸਾਲੇ ਦਹੀਂ, ਹਲਦੀ, ਘਿਓ, ਤੇਲ ਅਤੇ ਰਿਫਾਇੰਡ ਆਦਿ ਦੀ ਗੁਣਵੱਤਾ ਜਾਂਚ ਕੀਤੀ ਜਾਂਦੀ ਹੈ ਅਤੇ ਇੱਕ ਲੈਬੋਰਟਰੀ ਟੈਸਟ ਦੇ 50 ਰੁਪਏ ਲਏ ਜਾਂਦੇ ਹਨ ਅਤੇ ਕੁਝ ਸਮੇਂ ਬਾਅਦ ਹੀ ਲੈਬੋਰਟਰੀ ਦੀ ਰਿਪੋਰਟ ਦੇ ਦਿੱਤੀ ਜਾਂਦੀ ਹੈ ਜਿਸ ਵਿੱਚ ਖਾਣ ਅਤੇ ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਸਬੰਧੀ ਟੈਸਟ ਕਰਵਾਉਣ ਆਏ ਵਿਅਕਤੀ ਨੂੰ ਪੂਰੀ ਜਾਣਕਾਰੀ ਉਪਲੱਬਧ ਕਰਵਾਈ ਜਾਂਦੀ ਹੈ। ਜੇਕਰ ਕਿਸੇ ਖਾਣ ਜਾਂ ਪੀਣ ਦੀ ਵਸਤੂ ਵਿੱਚ ਗੁਣਵੱਤਾ ਦੀ ਘਾਟ ਪਾਈ ਜਾਂਦੀ ਹੈ, ਤਾਂ ਸਿਹਤ ਵਿਭਾਗ ਵੱਲੋਂ ਉਸ ਖਾਣ ਅਤੇ ਪੀਣ ਵਾਲੀ ਵਸਤੂ ਨੂੰ ਤਿਆਰ ਕਰਨ ਵਾਲੇ ਵਿਅਕਤੀ ਉੱਤੇ ਰੇਡ ਕਰਕੇ ਕਨੂੰਨੀ ਕਾਰਵਾਈ ਕੀਤੀ ਜਾਂਦੀ ਹੈ।
ਮਿਲਾਵਟ ਨੂੰ ਰੋਕਣ ਲਈ ਚੁੱਕਿਆ ਇਹ ਕਦਮ: ਡਾਕਟਰ ਊਸ਼ਾ ਨੇ ਦੱਸਿਆ ਕਿ ਫਾਸਟ ਫੂਡ ਜਾਂ ਫਿਰ ਐਨਰਜੀ ਡਰਿੰਕ ਪੀਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ, ਜਿਨ੍ਹਾਂ ਵਿਚ ਮੋਟਾਪਾ, ਸ਼ੂਗਰ, ਥਾਇਰਾਈਡ ਆਦਿ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਵੈਨ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਜਾਂਚ ਕਰਨ ਤੋਂ ਇਲਾਵਾ ਫੂਡ ਲੈਬ ਦੇ ਮਾਹਿਰਾਂ ਨੇ ਭੋਜਨ ਸੁਰੱਖਿਆ, ਸਵੱਛਤਾ, ਖਾਣ-ਪੀਣ ਵਾਲੀਆਂ ਵਸਤੂਆਂ ਦੀ ਸਾਂਭ-ਸੰਭਾਲ ਅਤੇ ਆਮ ਨਾਗਰਿਕਾਂ ਵਿੱਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣ ਲਈ ਫੂਡ ਲੈਬ ਬੈਨ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮਿਲਾਵਟੀ ਖਾਣ-ਪੀਣ ਦੀ ਵਿਸਥਾਰ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਦੁੱਧ, ਖਾਣ-ਪੀਣ ਦੀਆਂ ਵਸਤੂਆਂ ਦੀ ਜਾਂਚ ਉਸ ਦੇ ਘਰ ਅਤੇ ਆਧੁਨਿਕ ਟੈਸਟਿੰਗ ਉਪਕਰਨਾਂ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਪ੍ਰੋਜੈਕਟ ਤਹਿਤ ਪੰਜਾਬ ਨੂੰ ਸੱਤ ਵੈਨ ਭੇਜੀਆਂ ਗਈਆਂ ਹਨ ਅਤੇ ਇੱਕ ਵੈਨ ਨੂੰ 3 ਜ਼ਿਲ੍ਹੇ ਦਿੱਤੇ ਗਏ ਹਨ ਅਤੇ ਲੋਕਾਂ ਵੱਲੋਂ ਫ਼ੂਡ ਟੈਸਟ ਕਰਵਾਉਣ ਲਈ ਲਗਾਤਾਰ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਫ਼ੂਡ ਟੈਸਟਿੰਗ ਨੂੰ ਲੈ ਕੇ ਲੋਕਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਤਾਂ ਜੋ ਉਹ ਖਾਣ ਤੇ ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਜਾਣ ਸਕਣ।