ਬਠਿੰਡਾ: ਦੀਵਾਲੀ ਦੇ ਤਿਓਹਾਰ ਦੀਆਂ ਰੌਣਕਾਂ ਹਰ ਪਾਸੇ ਵੇਖਣ ਨੂੰ ਮਿਲ ਰਹੀਆਂ ਹਨ। ਇਸ ਤਿਓਹਾਰ ਨੂੰ ਲੈਕੇ ਬੁੱਧੀਜੀਵੀਆਂ ਅਤੇ ਆਮ ਲੋਕਾਂ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦੇ ਤਰੀਕੇ ਦੱਸੇ ਜਾ ਰਹੇ ਹਨ। ਇਸ ਸਬੰਧੀ ਹੀ ਸ਼ਹਿਰ ਦੇ ਵਿੱਚ ਇੱਕ ਵੱਖਰੀ ਚੀਜ਼ ਵੇਖਣ ਨੂੰ ਮਿਲੀ ਹੈ। ਦਰਅਸਲ ਸਮਾਜ ਸੇਵਿਕਾ ਨੀਰੂ ਬਾਂਸਲ ਵੱਲੋਂ ਚਾਕਲੇਟ ਦੇ ਪਟਾਕੇ ਬਣਾਏ ਜਾ ਰਹੇ ਹਨ। ਨੀਰੂ ਬਾਂਸਲ ਮੁਤਾਬਿਕ ਇਨ੍ਹਾਂ ਪਟਾਕਿਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਪਟਾਕੇ ਪ੍ਰਦੂਸ਼ਨ ਰਹਿਤ ਹਨ।
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਨੀਰੂ ਬਾਂਸਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਨ੍ਹਾਂ ਪਟਾਕਿਆਂ ਦੀ ਸ਼ੁਰੂਆਤ ਇੱਕ ਸੁਨੇਹੇ ਦੇ ਤੌਰ 'ਤੇ ਕੀਤੀ ਗਈ ਸੀ ਪਰ ਹੁਣ ਇਨ੍ਹਾਂ ਪਟਾਕਿਆਂ ਦੇ ਆਡਰ ਦੇਸ਼ ਭਰ ਤੋਂ ਮਿਲ ਰਹੇ ਹਨ। ਦੀਵਾਲੀ ਦੇ ਤਿਓਹਾਰ 'ਤੇ ਨੀਰੂ ਬਾਂਸਲ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਘਰ ਦੀਆਂ ਬਣੀਆਂ ਵਸਤਾਂ ਹੀ ਸਾਨੂੰ ਵਰਤੋਂ 'ਚ ਲੈਕੇ ਆਉਣੀਆਂ ਚਾਹੀਦੀਆਂ ਹਨ। ਵਾਤਾਵਰਨ ਨੂੰ ਬਚਾਉਣ ਦੇ ਲਈ ਸ਼ੁਰੂ ਕੀਤੇ ਗਏ ਇਸ ਉਪਰਾਲੇ ਬਾਰੇ ਬੋਲਦਿਆਂ ਡਾ ਸ਼ਵੇਤਾ ਨੇ ਕਿਹਾ ਕਿ ਇਹ ਉਪਰਾਲਾ ਸ਼ਲਾਘਾਯੋਗ ਹੈ ਇਸ ਨਾਲ ਮਨੋਰੰਜਨ ਵੀ ਹੋਵੇਗਾ ਅਤੇ ਵਾਤਾਵਰਨ ਵੀ ਦੂਸ਼ਿਤ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਜਦੋਂ ਵੀ ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਸੰਦੇਸ਼ ਬਹੁਤ ਸਾਰੇ ਲੋਕ ਦਿੰਦੇ ਹਨ, ਹਰ ਇੱਕ ਦਾ ਫ਼ਰਜ ਬਣਦਾ ਹੈ ਜੇਕਰ ਕੋਈ ਵੀ ਵਾਤਾਵਰਣ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਇਨ੍ਹਾਂ ਉਪਰਾਲਿਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਵੇ।