ਬਠਿੰਡਾ: ਕਿਸਾਨਾਂ ਨੇ ਦੁਸਹਿਰੇ ਮੌਕੇ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਬਣਾਏ। ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਦੇ ਨਜ਼ਦੀਕ ਕਿਸਾਨ ਜਥੇਬੰਦੀਆਂ ਦੇ ਨਾਲ ਹੋਰ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕੀਤਾ ਗਿਆ। ਬਹੁਮੰਤਰੀ ਖੇਡ ਸਟੇਡੀਅਮ ਵਿੱਚ ਮੋਦੀ, ਅੰਬਾਨੀ ਅਤੇ ਅਡਾਨੀ ਦੇ 18 ਫੁੱਟ ਉੱਚੇ ਪੁਤਲੇ ਰਾਵਣ ਦੇ ਰੂਪ ਵਿੱਚ ਬਣਾਏ ਗਏ।
ਖੇਤੀ ਕਾਨੂੰਨ ਦੀ ਵਿਰੋਧਤਾ ਨੂੰ ਲੈ ਕੇ ਕਿਸਾਨ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਦਰ ਸਰਕਾਰ ਅਤੇ ਅੰਬਾਨੀ-ਅਡਾਨੀ ਦਾ ਪੁਤਲਾ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਜੋ ਕੇਂਦਰ ਸਰਕਾਰ ਲਿਆਂਦੇ ਕਾਲੇ ਕਾਨੂੰਨ ਹਨ, ਉਨ੍ਹਾਂ ਨੂੰ ਉਹ ਲਾਗੂ ਨਹੀਂ ਹੋਣ ਦੇਣਗੇ।
ਕਿਸਾਨ ਜਥੇਬੰਦੀਆਂ ਦੇ ਨਾਲ ਸਹਿਯੋਗੀ ਬਣੇ ਮੁਸਲਿਮ ਭਾਈਚਾਰੇ ਵੱਲੋਂ ਵੀ ਇਸ ਮੌਕੇ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲਿਆ ਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ ਨੇ ਘੱਟ ਗਿਣਤੀ ਲੋਕਾਂ ਉੱਤੇ ਤਸ਼ੱਦਦ ਢਾਹਿਆ, ਪਰ ਅੱਜ ਉਹ ਇਕਜੁੱਟ ਹੋ ਕੇ ਕੇਂਦਰ ਸਰਕਾਰ ਨਾਲ ਲੜਾਈ ਲੜਨਗੇ।
ਇਸ ਮੌਕੇ ਪੰਜਾਬ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਨੇ ਆਪਣਾ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਵੱਖ-ਵੱਖ ਜਮਾਤ ਦੇ ਲੋਕ ਇਕੱਠੇ ਹੋਏ ਹਨ, ਕਿਉਂਕਿ ਸਭ ਦਾ ਟੀਚਾ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਹੈ। ਇਹ ਇੱਕ ਲੋਕ ਲਹਿਰ ਹੈ ਜੋ ਆਏ ਦਿਨ ਵੱਖ-ਵੱਖ ਢੰਗ ਨਾਲ ਸੰਘਰਸ਼ ਦੇ ਰੂਪ ਵਿੱਚ ਚੱਲ ਰਹੀ ਹੈ।