ਬਠਿੰਡਾ: ਪੰਜਾਬ ਵਿੱਚ ਜਿੱਥੇ ਫਸਲੀ ਚੱਕਰ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਪੰਜਾਬ ਦੇ ਕਪਾਹ ਉਦਯੋਗ ਉੱਪਰ ਵੀ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀਆਂ 2 ਰਵਾਇਤੀ ਫਸਲਾਂ ਕਣਕ ਤੇ ਝੋਨੇ ਦੇ ਨਾਲ ਪਿਛਲੇ ਸਮੇਂ ਵਿੱਚ ਨਰਮੇ ਦੀ ਖੇਤੀ ਕੀਤੀ ਜਾਂਦੀ ਸੀ, ਪਰ ਪਿਛਲੇ ਕਰੀਬ ਇੱਕ ਦਹਾਕੇ ਤੋਂ ਝੋਨੇ ਹੇਠ ਰਕਬਾ ਵੱਧਣ ਕਾਰਨ ਨਰਮੇ ਹੇਠ ਰਕਬਾ ਲਗਾਤਾਰ ਘੱਟਦਾ ਜਾ ਰਿਹਾ ਹੈ। ਝੋਨੇ ਹੇਠ ਰਕਬਾ ਵੱਧਣ ਦਾ ਵੱਡਾ ਕਾਰਨ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਅਤੇ ਕਿਸਾਨਾਂ ਨੂੰ ਚੰਗੇ ਬੀਜ਼ ਅਤੇ ਖਾਦਾਂ ਨਾ ਮਿਲਣ ਨੂੰ ਮੰਨਿਆ ਜਾ ਰਿਹਾ ਹੈ।
365 ਕਪਾਹ ਉਦਯੋਗ ਪੰਜਾਬ ਵਿੱਚ ਬੰਦ: ਨਰਮੇ ਦੀ ਫਸਲ ਦੀ ਆਮਦ ਘੱਟ ਹੋਣ ਕਾਰਨ ਇਸ ਦਾ ਕਪਾਹ ਉਦਯੋਗ ਉੱਤੇ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਿਸ ਸਮੇਂ ਪੰਜਾਬ ਵਿੱਚ 422 ਕੱਪੜਾ ਫੈਕਟਰੀਆਂ ਸਨ, ਪਰ ਨਰਮੇ ਦੀ ਫਸਲ ਘੱਟ ਹੋਣ ਅਤੇ ਸਰਕਾਰ ਦੀਆਂ ਨੀਤੀਆਂ ਦੇ ਚੱਲਦੇ ਹੁਣ ਪੰਜਾਬ ਵਿੱਚ ਮਾਤਰ 58 ਕਪਾਹ ਉਦਯੋਗ ਚਾਲੂ ਹਾਲਤ ਵਿੱਚ ਹਨ ਅਤੇ 365 ਕਪਾਹ ਉਦਯੋਗ ਪੰਜਾਬ ਵਿੱਚ ਬੰਦ ਹੋ ਚੁੱਕੇ ਹਨ। ਇੱਕ ਕਪਾਹ ਉਦਯੋਗ ਨਾਲ 150 ਪਰਿਵਾਰ ਨੂੰ ਰੁਜ਼ਗਾਰ ਮਿਲਦਾ ਹੈ।
ਕਪਾਹ ਉਦਯੋਗ ਬੰਦ ਹੋਣ ਦੇ ਕਾਰਨ: ਇਸ ਦੌਰਾਨ ਹੀ ਵੱਡੀ ਗਿਣਤੀ ਵਿੱਚ ਕਪਾਹ ਉਦਯੋਗ ਪੰਜਾਬ ਵਿੱਚ ਬੰਦ ਹੋਣ ਦੇ ਪਿੱਛੇ ਕਾਰਨ ਦੱਸਦੇ ਹੋਏ ਕਪਾਹ ਉਦਯੋਗ ਦੇ ਮਾਲਕ ਕੈਲਾਸ਼ ਗਰਗ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਨਰਮੇ ਦੀ ਫਸਲ ਹੇਠ ਰਕਬਾ ਘੱਟ ਹੋਣਾ ਹੈ। ਕਿਉਂਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਚੰਗੇ ਬੀਜ ਅਤੇ ਕੀਟ ਨਾਸ਼ਕ ਦਵਾਈਆਂ ਉਪਲੱਬਧ ਨਹੀਂ ਕਰਵਾਈਆਂ ਗਈਆਂ। ਜਿਸ ਕਾਰਨ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਫਸਲਾਂ ਬਰਬਾਦ ਹੋ ਗਈਆਂ ਅਤੇ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਵੱਲੋਂ ਮੁੱਖ ਮੋੜ ਲਿਆ ਗਿਆ।
ਕਪਾਹ ਉਦਯੋਗ ਦਾ ਸੀਜ਼ਨ ਸਿਰਫ਼ 4 ਮਹੀਨੇ : ਕਪਾਹ ਉਦਯੋਗ ਦੇ ਮਾਲਕ ਕੈਲਾਸ਼ ਗਰਗ ਨੇ ਕਿਹਾ ਕਿ ਕਪਾਹ ਉਦਯੋਗ ਕਿਸੇ ਸਮੇਂ ਅੱਠ ਮਹੀਨੇ ਚੱਲਦੇ ਸਨ, ਕਿਉਂਕਿ ਪੰਜਾਬ ਵਿੱਚ ਨਰਮੇ ਦੀ ਬੰਪਰ ਪੈਦਾਵਾਰ ਹੁੰਦੀ ਸੀ। ਪਰ ਅੱਜ ਹਾਲਾਤ ਇਹ ਹਨ ਕਿ ਨਰਮੇ ਦੀ ਆਮਦ ਘੱਟ ਹੋਣ ਕਾਰਨ ਮਾਤਰ ਇਹ ਚਾਰ ਮਹੀਨੇ ਦਾ ਸੀਜ਼ਨ ਰਹਿ ਗਿਆ ਹੈ। ਕਪਾਹ ਉਦਯੋਗ ਦੇ ਮਾਲਕਾਂ ਵੱਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਇਸ ਸਬੰਧੀ ਤਾਲਮੇਲ ਕੀਤਾ ਗਿਆ ਕਿ ਕਿਸਾਨਾਂ ਨੂੰ ਚੰਗੇ ਬੀਜ ਉਪਲਬਧ ਕਰਵਾਏ ਜਾਣ ਤਾਂ ਜੋ ਪੰਜਾਬ ਵਿੱਚ ਨਰਮੇ ਦੀ ਪੈਦਾਵਾਰ ਵਧੀਆਂ ਹੋ ਸਕੇ ਅਤੇ ਇਸ ਫਸਲ ਉੱਤੇ ਨਿਰਭਰ ਕਪਾਹ ਉਦਯੋਗ ਤਰੱਕੀ ਕਰੇ। ਪਰ ਅਜਿਹਾ ਨਹੀਂ ਹੋਇਆ, ਕਿਸਾਨਾਂ ਵੱਲੋਂ ਨਰਮੇ ਦੀ ਫਸਲ ਬੀਜਣੀ ਬੰਦ ਕਰ ਦਿੱਤੀ ਗਈ ਅਤੇ ਕਪਾਹ ਉਦਯੋਗਾਂ ਨੂੰ ਨਰਮਾ ਮਿਲਣਾ ਬੰਦ ਹੋ ਗਿਆ।
ਕਪਾਹ ਉਦਯੋਗਾਂ ਨੂੰ ਵੱਡੀ ਪੱਧਰ ਉੱਤੇ ਜ਼ੁਰਮਾਨੇ ਤੇ ਵਿਆਜ਼ : ਕਪਾਹ ਉਦਯੋਗ ਦੇ ਮਾਲਕ ਕੈਲਾਸ਼ ਗਰਗ ਨੇ ਕਿਹਾ ਕਿ ਕਪਾਹ ਉਦਯੋਗ ਬੰਦ ਹੋਣ ਦਾ ਦੂਸਰਾ ਵੱਡਾ ਕਾਰਨ 2005 ਵੈਟ ਲਾਗੂ ਹੋਣ ਤੋਂ ਬਾਅਦ ਇਸ ਸਬੰਧੀ ਕਪਾਹ ਉਦਯੋਗ ਮਾਲਕਾਂ ਨੂੰ ਸੂਚਿਤ ਨਹੀਂ ਕੀਤਾ ਗਿਆ, ਕਿਉਂਕਿ ਪਹਿਲਾਂ ਸਪੇਨਿੰਗ ਮਿੱਲਾਂ ਵੱਲੋਂ ਟੈਕਸ ਭਰਿਆ ਜਾਂਦਾ ਸੀ, ਪਰ ਬੈਟ ਲੱਗਣ ਤੋਂ ਬਾਅਦ ਪਰਚੇਜਿੰਗ ਟੈਕਸ ਵਿੱਚ ਤਬਦੀਲ ਹੋਣ ਕਰਕੇ ਇਹ ਟੈਕਸ ਕਪਾਹ ਉਦਯੋਗਾਂ ਵੱਲੋਂ ਭਰਿਆ ਜਾਣਾ ਸੀ, ਪਰ ਇਸ ਸਬੰਧੀ ਫੈਕਟਰੀ ਮਾਲਕਾਂ ਨੂੰ ਸੂਚਿਤ ਨਹੀਂ ਕੀਤਾ ਗਿਆ। ਜਿਸ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕਪਾਹ ਉਦਯੋਗ ਮਾਲਕਾਂ ਨੂੰ ਨੋਟਿਸ ਭੇਜੇ ਗਏ। ਜਿਨਾਂ ਵਿੱਚ ਵੱਡੀ ਪੱਧਰ ਉੱਤੇ ਜ਼ੁਰਮਾਨੇ ਅਤੇ ਵਿਆਜ਼ ਜੋੜ ਕੇ ਕਰੋੜਾਂ ਰੁਪਏ ਬਣਾ ਦਿੱਤੇ ਗਏ। ਜਿਸ ਨੂੰ ਭਰਨ ਤੋਂ ਕਪਾਹ ਉਦਯੋਗ ਮਾਲਕ ਅਸਮਰਥ ਨਜ਼ਰ ਆ ਰਹੇ ਹਨ ਅਤੇ ਉਹਨਾਂ ਵੱਲੋਂ ਫੈਕਟਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ।
ਕਪਾਹ ਉਦਯੋਗ ਨੂੰ ਸਰਕਾਰ ਵੱਲੋਂ ਕੋਈ ਰਿਆਇਤ ਨਹੀਂ: ਤੀਸਰਾ ਵੱਡਾ ਕਾਰਨ ਦੱਸਦਿਆ ਕਪਾਹ ਉਦਯੋਗ ਦੇ ਮਾਲਕ ਕੈਲਾਸ਼ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਪਾਹ ਉਦਯੋਗ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਰਿਆਇਤ ਨਹੀਂ ਦਿੱਤੀ ਜਾ ਰਹੀ। ਪੰਜਾਬ ਦੇ ਕਪਾਹ ਉਦਯੋਗ ਵੱਲੋਂ ਫਿਕਸ ਚਾਰਜ ਵਿੱਚ ਛੋਟ ਨੂੰ ਲੈ ਕੇ ਕਈ ਵਾਰ ਰਾਬਤਾ ਕਾਇਮ ਕੀਤਾ ਗਿਆ। ਪਰ ਸਰਕਾਰ ਵੱਲੋਂ ਫਿਕਸ ਚਾਰਜਾਂ ਵਿੱਚ ਛੋਟ ਦੇਣ ਦੀ ਬਜਾਏ 180 ਰੁਪਏ ਪ੍ਰਤੀ ਕਿਲੋਵਾਟ ਦੇ ਫਿਕਸ ਚਾਰਜ ਨੂੰ ਵਧਾ ਕੇ 215 ਫਿਕਸ ਚਾਰਜ ਕਰ ਦਿੱਤਾ ਗਿਆ ਤੇ ਫੈਕਟਰੀਆਂ ਦੇ ਬੰਦ ਸਮੇਂ ਡਬਲ ਫਿਕਸ ਚਾਰਜ ਵਸੂਲ ਕੀਤੇ ਜਾਣ ਲੱਗੇ। ਜੇਕਰ ਕਪਾਹ ਉਦਯੋਗ ਮਾਲਕਾਂ ਵੱਲੋਂ ਸਰਕਾਰ ਤੋਂ ਸੋਲਰ ਪੈਨਲ ਲਗਾਉਣ ਦੀ ਇਜਾਜ਼ਤ ਮੰਗੀ ਗਈ ਤਾਂ ਜੋ ਇਹਨਾਂ ਫਿਕਸ ਚਾਰਜਾਂ ਤੋਂ ਛੁਟਕਾਰਾ ਮਿਲ ਸਕੇ ਤਾਂ ਇਸ ਦੀ ਇਜਾਜ਼ਤ ਕਪਾਹ ਉਦਯੋਗ ਮਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ।
- Unsafe Noida: ਨੋਇਡਾ 'ਚ ਘਰ ਅੰਦਰ ਇਕੱਲੀ ਕੁੜੀ ਨੂੰ ਵੇਖ ਡਿਲੀਵਰੀ ਬੁਆਏ ਨੇ ਕੀਤੀ ਰੇਪ ਦੀ ਕੋਸ਼ਿਸ਼, ਪੁਲਿਸ ਨੇ ਮਾਮਲਾ ਕੀਤਾ ਦਰਜ
- Delhi Liquor Scam: AAP ਆਗੂ ਸੰਜੇ ਸਿੰਘ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਵਧਾਈ 14 ਦਿਨਾਂ ਦੀ ਨਿਆਂਇਕ ਹਿਰਾਸਤ
- Tata Will Make iPhone In India : ਟਾਟਾ ਭਾਰਤ ਵਿੱਚ ਆਈਫੋਨ ਬਣਾਏਗਾ; ਵਿਸਟ੍ਰੋਨ ਬੋਰਡ ਨੇ 125 ਮਿਲੀਅਨ ਡਾਲਰ ਦੇ ਸੌਦੇ ਨੂੰ ਦਿੱਤੀ ਮਨਜ਼ੂਰੀ
ਪੰਜਾਬ ਸਰਕਾਰ ਵੱਲੋਂ ਕਪਾਹ ਉਦਯੋਗ ਨੂੰ ਕੋਈ ਰਿਆਇਤ ਨਹੀਂ: ਕਪਾਹ ਉਦਯੋਗ ਦੇ ਮਾਲਕ ਕੈਲਾਸ਼ ਗਰਗ ਨੇ ਕਿਹਾ ਕਿ ਦੂਸਰੇ ਪਾਸੇ ਪੰਜਾਬ ਦੇ ਨਾਲ ਲੱਗਦੇ ਸੂਬੇ ਰਾਜਸਥਾਨ ਵਿੱਚ ਕਪਾਹ ਉਦਯੋਗ ਨੂੰ ਲੈ ਕੇ ਵੱਡੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਬਿਜਲੀ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ। ਉੱਥੇ ਹੀ ਮਸ਼ੀਨਰੀ ਤੇ ਗਡਾਉਣ ਬਣਾਉਣ ਵਿੱਚ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਕਾਰਨ ਪੰਜਾਬ ਵਿੱਚ ਕਪਾਹ ਉਦਯੋਗ ਮਾਤਰ 20% ਰਹਿ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਕਪਾਹ ਉਦਯੋਗ ਨੂੰ ਜਿਉਂਦਾ ਰੱਖਣਾ ਚਾਹੁੰਦੀ ਹੈ ਤਾਂ ਇਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ, ਨਹੀਂ ਆਉਂਦੇ ਦਿਨਾਂ ਵਿੱਚ ਪੰਜਾਬ ਵਿਚਲਾ ਕਪਾਹ ਉਦਯੋਗ ਬਿਲਕੁਲ ਬੰਦ ਹੋ ਜਾਵੇਗਾ ਅਤੇ ਜਿਸ ਦਾ ਵੱਡਾ ਨੁਕਸਾਨ ਕਿਸਾਨਾਂ ਨੂੰ ਹੋਵੇਗਾ। ਕਿਉਂਕਿ ਜੋ 20 ਤੋਂ 25% ਕਿਸਾਨ ਨਰਮੇ ਦੀ ਫਸਲ ਬੀਜ ਰਹੇ ਹਨ, ਉਹ ਆਪਣੀ ਫਸਲ ਕਿੱਥੇ ਵੇਚਣਗੇ ?